ਸਾਇਨਾ ਚੋਟੀ ਦੇ 10 ਖਿਡਾਰੀਆਂ ''ਚ ਸ਼ਾਮਲ, ਸ਼੍ਰੀਕਾਂਤ ਨੇ ਵੀ ਹਾਸਲ ਕੀਤਾ ਤੀਜਾ ਸਥਾਨ

05/03/2018 7:00:52 PM

ਨਵੀਂ ਦਿੱਲੀ (ਬਿਊਰੋ)— ਰਾਸ਼ਟਰਮੰਡਲ ਖੇਡਾਂ ਦੀ ਸੋਨ ਤਮਗਾ ਜੇਤੂ ਅਤੇ ਏਸ਼ਿਆਈ ਚੈਂਪੀਅਨਸ਼ਿਪ 'ਚ ਸੈਮੀਫਾਈਨਲ ਤੱਕ ਪਹੁੰਚਣ ਵਾਲੀ ਭਾਰਤੀ ਦੀ ਸਾਇਨਾ ਨੇਹਵਾਲ ਵੀਰਵਾਰ ਨੂੰ ਜਾਰੀ ਤਾਜ਼ਾ ਬੈਡਮਿੰਟਨ ਰੈਂਕਿੰਗ 'ਚ ਫਿਰ ਤੋਂ ਚੋਟੀ ਦੇ 10 ਖਿਡਾਰੀਆਂ 'ਚ ਸ਼ਾਮਲ ਹੋ ਗਈ ਹੈ। ਜਦਕਿ ਕਿਦਾਂਬੀ ਸ਼੍ਰੀਕਾਂਤ 2 ਸਥਾਨ ਛਲਾਂਗ ਲਗਾ ਕੇ ਤੀਜੇ ਸਥਾਨ 'ਤੇ ਪਹੁੰਚ ਗਏ ਹਨ। ਸਾਇਨਾ ਨੂੰ ਵੀ ਰੈਂਕਿੰਗ 'ਚ 2 ਸਥਾਨ ਦਾ ਫਾਇਦਾ ਹੋਇਆ ਹੈ ਅਤੇ ਉਹ 10ਵੇਂ ਸਥਾਨ 'ਤੇ ਆ ਗਈ ਹੈ।

ਸਾਇਨਾ ਇਸਤੋਂ ਪਹਿਲਾਂ ਇਸ ਸਾਲ 2 ਫਰਵਰੀ ਨੂੰ ਚੋਟੀ ਦੇ 10 ਖਿਡਾਰੀਆਂ 'ਚ ਸ਼ਾਮਲ ਸੀ, ਪਰ ਇਸਦੇ ਬਾਅਦ ਉਹ 11ਵੇਂ ਅਤੇ 12ਵੇਂ ਸਥਾਨ 'ਤੇ ਖਿਸਕ ਗਈ ਸੀ। ਸਾਇਨਾ ਨੂੰ ਏਸ਼ੀਆਈ ਚੈਂਪੀਅਨਸ਼ਿਪ ਦੇ ਸੈਮੀਫਾਈਨਲ 'ਚ ਪਹੁੰਚਣ ਦਾ ਫਾਇਦਾ ਮਿਲਿਆ। ਮਹਿਲਾ ਰੈਂਕਿੰਗ 'ਚ ਭਾਰਤ ਦੀ ਹੀ ਪੀਵੀ ਸਿੰਧੂ ਆਪਣੇ ਤੀਜੇ ਸਥਾਨ 'ਤੇ ਕਾਇਮ ਹੈ ਜਦਕਿ ਤਾਈਪੇ ਦੀ ਤੇਈ ਜਿੰਗ ਇਕ ਸਥਾਨ ਦਾ ਸੁਧਾਰ ਕਰ ਕੇ ਫਿਰ ਤੋਂ ਨੰਬਰ ਇਕ ਖਿਡਾਰਨ ਬਣ ਗਈ ਹੈ।

ਜਪਾਨ ਦੀ ਅਕਾਨੇ ਯਾਮਾਗੁਚੀ ਇਕ ਸਥਾਨ ਖਿਸਕ ਕੇ ਦੂਜੇ ਸਥਾਨ 'ਤੇ ਪਹੁੰਚ ਗਈ ਹੈ। ਪੁਰਸ਼ ਸਿੰਗਲ ਰੈਂਕਿੰਗ 'ਚ ਸ਼੍ਰੀਕਾਂਤ ਅਤੇ ਏਸ਼ੀਆਈ ਚੈਂਪੀਅਨਸ਼ਿਪ ਦੇ ਸੈਮੀਫਾਈਨਲ 'ਚ ਪਹੁੰਚੇ ਐੱਸ.ਐੱਸ. ਪ੍ਰਣਯ ਨੇ 2-2 ਸਥਾਨ ਦਾ ਸੁਧਾਰ ਕੀਤਾ ਹੈ। ਸ਼੍ਰੀਕਾਂਤ ਤੀਜੇ ਅਤੇ ਪ੍ਰਣਯ ਅਠਵੇਂ ਸਥਾਨ 'ਤੇ ਪਹੁੰਚ ਗਏ ਹਨ। ਸ਼੍ਰੀਕਾਂਤ ਹਾਲੀਆ ਰਾਸ਼ਟਰਮੰਡਲ ਖੇਡਾਂ ਦੌਰਾਨ ਦੁਨੀਆ ਦੇ ਪਹਿਲੇ ਸਥਾਨ ਦੇ ਖਿਡਾਰੀ ਵੀ ਬਣੇ ਸੀ।

ਪ੍ਰਣਯ ਦੀ ਇਹ ਸਰਵਸ੍ਰੇਸ਼ਠ ਰੈਂਕਿੰਗ ਵੀ ਹੈ। ਡਬਲ ਮੁਕਾਬਲੇ ਰੈਂਕਿੰਗ 'ਚ ਸਾਤਵਿਕਸੇਰਾਜ ਰੈਂਕੀਰੈਡੀ ਅਤੇ ਚਿਰਾਗ ਸ਼ੇਟੀ ਦਾ 18ਵਾਂ ਸਥਾਨ ਬਣਿਆ ਹੋਇਆ ਹੈ। ਮਹਿਲਾ ਡਬਲ ਦੇ ਚੋਟੀ 25 'ਚ ਕੋਈ ਭਾਰਤੀ ਜੋੜੀ ਨਹੀਂ ਹੈ ਜਦਕਿ ਮਿਕਸਡ ਡਬਲ 'ਚ ਪ੍ਰਣਯ ਚੋਪੜਾ ਅਤੇ ਐੱਨ. ਸਿੱਕੀ ਰੈਡੀ 2 ਸਥਾਨ ਦੇ ਨੁਕਸਾਨ ਨਾਲ 23ਵੇਂ ਸਥਾਨ 'ਤੇ ਆ ਗਏ ਹਨ।