ਸਾਈ ਦੇ ਕੇਂਦਰ ਬੰਦ, ਟ੍ਰੇਨਿੰਗ ਮੁਲਤਵੀ ਪਰ ਓਲੰਪਿਕ ਤਿਆਰੀਆਂ ਜਾਰੀ

03/18/2020 12:59:54 AM

ਨਵੀਂ ਦਿੱਲੀ— ਭਾਰਤੀ ਖੇਡ ਅਥਾਰਟੀ (ਸਾਈ) ਨੇ ਕੋਰੋਨਾ ਵਾਇਰਸ ਦੇ ਖਤਰੇ  ਕਾਰਣ ਆਪਣੇ ਸਾਰੇ ਰਾਸ਼ਟਰੀ ਕੇਂਦਰਾਂ ਨੂੰ ਬੰਦ ਕਰ ਦਿੱਤਾ ਹੈ ਅਤੇ ਟ੍ਰੇਨਿੰਗ ਮੁਲਤਵੀ ਕਰ  ਦਿੱਤੀ ਹੈ ਪਰ ਉਸਦੇ ਕੇਂਦਰਾਂ ਵਿਚ ਓਲੰਪਿਕ ਦੀਆਂ ਤਿਆਰੀਆਂ ਜਾਰੀ ਰਹਿਣਗੀਆਂ। ਸਾਈ ਨੇ ਮੰਗਲਵਾਰ ਨੂੰ ਜਾਰੀ ਬਿਆਨ ਵਿਚ ਦੱਸਿਆ ਕਿ ਉਸ ਨੇ ਆਪਣੇ ਸਾਰੇ ਰਾਸ਼ਟਰੀ ਕੇਂਦਰਾਂ ਅਤੇ ਸਾਈ ਟ੍ਰੇਨਿੰਗ ਸੈਂਟਰ ਵਿਚ ਕੋਰੋਨਾ ਨੂੰ ਰੋਕਣ ਲਈ ਕਈ ਵੱਡੇ ਕਦਮ ਚੁੱਕੇ ਹਨ। ਰਾਸ਼ਟਰੀ ਕੇਂਦਰਾਂ ਅਤੇ ਟ੍ਰੇਨਿੰਗ ਸੈਂਟਰ ਵਿਚ ਅਕੈਡਮੀ ਟ੍ਰੇਨਿੰਗ ਤੁਰੰਤ ਪ੍ਰਭਾਵ ਨਾਲ ਵੱਖ ਹੁਕਮਾਂ ਤਕ ਲਈ ਮੁਲਤਵੀ ਕਰ ਦਿੱਤੀ ਗਈ ਹੈ, ਹਾਲਾਂਕਿ ਹੋਸਟਲ ਦੀਆਂ ਸਹੂਲਤਾਂ 20 ਮਾਰਚ ਤਕ ਲਈ  ਖੁੱਲ੍ਹੀਆਂ ਰਹਿਣਗੀਆਂ ਤਾਂ ਕਿ ਐਥਲੀਟਾਂ ਨੂੰ ਪ੍ਰੇਸ਼ਾਨੀ ਨਾ ਹੋਵੇ।
ਸਾਰੇ ਰਾਸ਼ਟਰੀ ਕੈਂਪ ਮੁਲਤਵੀ ਕਰ ਦਿੱਤੇ ਗਏ ਹਨ ਅਤੇ ਸਿਰਫ ਉਹ ਹੀ ਕੈਂਪ ਖੁੱਲ੍ਹੇ ਹਨ, ਜਿੱਥੇ ਐਥਲੀਟ ਓਲੰਪਿਕ ਦੀਆਂ ਤਿਆਰੀਆਂ ਕਰ ਰਹੇ ਹਨ। ਜਿਨ੍ਹਾਂ ਐਥਲੀਟਾਂ ਦਾ ਅਗਲੇ ਕੁਝ ਦਿਨਾਂ ਵਿਚ ਟੈਸਟ ਹੈ, ਉਨ੍ਹਾਂ ਨੂੰ ਕੇਂਦਰ ਵਿਚ ਰਹਿਣ ਦੀ ਮਨਜ਼ੂਰੀ ਹੋਵੇਗੀ ਤਾਂ ਕਿ ਉਹ ਆਪਣੇ ਟੈਸਟ ਦੇ ਸਕਣ ਪਰ ਇਹ ਵੀ ਤੈਅ ਕੀਤਾ ਜਾ ਰਿਹਾ ਹੈ ਕਿ ਸਾਰੀਆਂ ਸਿਹਤ ਪ੍ਰਕਿਰਿਅਵਾਂ ਦਾ ਪੂਰੀ ਤਰ੍ਹਾਂ ਪਾਲਣ ਕੀਤਾ ਜਾਵੇ, ਜਿਸ ਨਾਲ ਕੇਂਦਰ ਵਿਚ ਰੁਕਣ ਵਾਲੇ ਐਥਲੀਟਾਂ ਨੂੰ ਕੋਈ ਇਨਫੈਕਸ਼ਨ ਨਾ ਹੋਵੇ। ਅਜੇ ਸਾਰੇ ਐਥਲੀਟਾਂ ਨੂੰ ਉਨ੍ਹਾਂ ਦੇ ਮਾਂ-ਬਾਪ ਨੂੰ ਸੂਚਨਾ ਦੇਣ ਤੋਂ ਬਾਅਦ ਘਰ ਭੇਜ ਦਿੱਤਾ ਗਿਆ ਹੈ,ਜਿਨ੍ਹਾਂ ਦੇ ਘਰ ਕੇਂਦਰ ਤੋਂ 400 ਕਿਲੋਮੀਟਰ ਦੇ ਦਾਇਰੇ ਵਿਚ ਹਨ, ਉਨ੍ਹਾਂ ਨੂੰ ਏ. ਸੀ. ਥ੍ਰੀ ਟੀਅਰ ਦੀ ਟਰੇਨ ਟਿਕਟ ਦਿੱਤੀ ਗਈ ਹੈ ਅਤੇ ਜਿਨ੍ਹਾਂ ਦੇ ਘਰ 400 ਕਿਲੋਮੀਟਰ ਤੋਂ ਅੱਗੇ ਹਨ, ਨੂੰ ਹਵਾਈ ਯਾਤਰਾ ਦੀ ਟਿਕਟ ਦਿੱਤੀ ਗਈ ਹੈ। ਕਿਸੇ ਟੂਰਨਾਮੈਂਟ, ਖੇਡ ਸਮਾਰੋਹ, ਸੈਮੀਨਾਰ ਜਾਂ ਕਾਰਜਸ਼ਾਲਾ ਦਾ ਤਦ ਤਕ ਆਯੋਜਨ ਨਹੀਂ ਕੀਤਾ ਜਾਵੇਗਾ ਜਦੋਂ ਤਕ ਕੇਂਦਰ ਜਾਂ ਰਾਜ ਸਰਕਾਰਾਂ ਕੋਰੋਨਾ ਨੂੰ ਲੈ ਕੇ ਲਾਈਆਂ ਗਈਆਂ ਪਾਬੰਦੀਆਂ ਨੂੰ ਹਟਾ ਨਹੀਂ ਦਿੰਦੀਆਂ।

Gurdeep Singh

This news is Content Editor Gurdeep Singh