ਰੂਸੀ ਸਟੇਡੀਅਮ ਨਸਲੀ ਵਿਤਕਰੇ ਵਾਲਾ ਬੈਨਰ ਦਿਖਾਉਣ ''ਤੇ ਕਰਵਾਇਆ ''ਅੱੱਧਾ ਬੰਦ''

12/10/2017 4:02:16 AM

ਸੇਂਟ ਪੀਟਰਸਬਰਗ— ਰੂਸ ਦੇ ਵੱਕਾਰੀ ਜੇਨਿਤ ਸੇਂਟ ਪੀਟਰਸਬਰਗ ਫੁੱਟਬਾਲ ਕਲੱਬ ਦੇ ਪ੍ਰਸ਼ੰਸਕਾਂ ਵਲੋਂ ਯੂਰੋਪਾ ਲੀਗ ਮੈਚ ਦੌਰਾਨ ਬੋਸਨੀਆ ਦੇ ਸਾਬਕਾ ਫੌਜੀ ਨੇਤਾ ਰਾਤਕੋ ਮਲਾਦਿਕ ਦੀ ਸ਼ਲਾਘਾ ਕਰਨ ਤੇ ਨਸਲੀ ਵਿਤਕਰੇ ਵਾਲੇ ਬੈਨਰ ਦਿਖਾਉਣ ਦੇ ਦੋਸ਼ ਵਿਚ ਯੂਰਪ ਦੀ ਚੋਟੀ ਦੀ ਸੰਸਥਾ ਯੂ. ਈ. ਐੱਫ. ਏ. ਨੇ ਉਸ ਨੂੰ ਆਪਣੇ ਸਟੇਡੀਅਮ ਨੂੰ 'ਅੱਧਾ ਬੰਦ' ਕਰਨ ਦਾ ਹੁਕਮ ਦਿੱਤਾ ਹੈ। 
ਜੇਨਿਤ ਵਿਰੁੱਧ ਪਿਛਲੇ ਮਹੀਨੇ ਘਰੇਲੂ ਮੈਚ ਵਿਚ ਮੈਸੇਡੋਨੀਆ ਦੇ ਕਲੱਬ ਵਰਦਾਰ ਸਕੋਪਜੇ ਵਿਰੁੱਧ 2-1 ਦੀ ਜਿੱਤ ਦੌਰਾਨ ਇਹ ਘਟਨਾ ਵਾਪਸੀ ਸੀ। ਰੂਸੀ ਕਲੱਬ ਨੂੰ ਇਸ ਮਾਮਲੇ 'ਚ ਯੂ. ਈ. ਐੱਫ. ਏ. ਨੇ ਆਪਣੇ ਖੇਡ ਜ਼ਾਬਤੇ ਦੇ ਨਿਯਮ-14 ਦੇ ਤਹਿਤ ਨਸਲੀ ਵਿਤਕਰੇ ਦੇ ਵਤੀਰੇ ਦਾ ਦੋਸ਼ੀ ਪਾਇਆ ਹੈ ਤੇ ਉਸ ਨੂੰ ਅਗਲੇ ਯੂਰਪੀਅਨ ਮੈਚ ਦੌਰਾਨ ਸਟੇਡੀਅਮ ਦੇ ਉਸ ਹਿੱਸੇ ਨੂੰ ਬੰਦ ਕਰਨ ਦਾ ਹੁਕਮ ਦਿੱਤਾ ਹੈ, ਜਿਥੇ ਇਸ ਤਰ੍ਹਾਂ ਦੇ ਬੈਨਰ ਦਿਖਾਏ ਗਏ ਸਨ। 
ਵਰਣਨਯੋਗ ਹੈ ਕਿ ਮਲਾਦਿਕ ਨੂੰ ਇਸ ਮੈਚ ਤੋਂ ਇਕ ਦਿਨ ਪਹਿਲਾਂ ਹੀ ਸੰਯੁਕਤ ਰਾਸ਼ਟਰ ਵਲੋਂ ਜੰਗੀ ਜੁਰਮ ਅਤੇ ਕਤਲੇਆਮ ਦਾ ਦੋਸ਼ੀ ਕਰਾਰ ਦਿੱਤਾ ਗਿਆ ਸੀ ਤੇ ਬੋਸਨੀਆ ਵਿਚ ਜੰਗ ਦੌਰਾਨ ਪੂਰੀ ਜਾਤੀ ਨੂੰ ਤਬਾਹ ਕਰਨ ਦਾ ਦੋਸ਼ੀ ਕਰਾਰ ਦਿੱਤਾ ਗਿਆ ਸੀ।