ਫੁੱਟਬਾਲ ਛੱਡਣ ਤੋਂ ਪਹਿਲਾਂ 7 ਬੱਚਿਆਂ ਦੇ ਪਿਤਾ ਬਣਨਾ ਚਾਹੁੰਦੇ ਹਨ ਰੋਨਾਲਡੋ

11/18/2017 2:13:04 PM

ਨਵੀਂ ਦਿੱਲੀ (ਬਿਊਰੋ)— ਪੁਰਤਗਾਲ ਦੇ ਸਟਾਰ ਫੁੱਟਬਾਲ ਖਿਡਾਰੀ ਕਰਿਸਟਿਆਨੋ ਰੋਨਾਲਡੋ ਫੁੱਟਬਾਲ ਜਗਤ ਨੂੰ ਅਲਵਿਦਾ ਕਹਿਣ ਤੋਂ ਪਹਿਲਾਂ 7 ਬੱਚਿਆਂ ਦੇ ਪਿਤਾ ਬਣਨਾ ਚਾਹੁੰਦੇ ਹਨ। ਨਾਲ ਹੀ ਉਨ੍ਹਾਂ ਨੇ ਕਿਹਾ ਹੈ ਕਿ ਉਹ ਕੁਲ 7 'ਬੈਲਨ ਡੀ ਓਰ' ਖਿਤਾਬ ਵੀ ਜਿੱਤਣਾ ਚਾਹੁੰਦੇ ਹਨ। ਰੀਅਲ ਮੈਡਰਿਡ ਦੇ 32 ਸਾਲਾਂ ਖਿਡਾਰੀ ਦੇ ਨਾਮ ਹੁਣ ਤੱਕ ਚਾਰ 'ਬੈਲਨ ਡੀ ਓਰ' ਖਿਤਾਬ ਹਨ, ਜੋ ਉਨ੍ਹਾਂ ਨੇ ਆਪਣੇ 15 ਸਾਲ ਦੇ ਕਰੀਅਰ ਵਿਚ ਹਾਸਲ ਕੀਤੇ ਹਨ।

ਤਿੰਨ ਹੋਰ 'ਬੈਲਨ ਡੀ ਓਰ' ਇਨਾਮ ਜਿੱਤਣਾ ਚਾਹੁੰਦੇ
ਹਾਲ ਹੀ ਵਿਚ ਚੌਥੇ ਬੱਚੇ ਦੇ ਪਿਤਾ ਬਣਨ ਵਾਲੇ ਰੋਨਾਲਡੋ ਸਿਰਫ ਇਸ ਤੋਂ ਸੰਤੁਸ਼ਟ ਨਹੀਂ ਹਨ, ਉਹ ਤਿੰਨ ਹੋਰ 'ਬੈਲਨ ਡੀ ਓਰ' ਇਨਾਮ ਜਿੱਤਣਾ ਚਾਹੁੰਦੇ ਹਨ। ਗੋਲ ਡਾਟ ਕਾਮ ਦੀ ਰਿਪੋਰਟ  ਮੁਤਾਬਕ, ਰੋਨਾਲਡੋ ਸੱਤ ਬੱਚਿਆਂ ਦੇ ਪਿਤਾ ਬਣਨ ਦੇ ਇਲਾਵਾ ਇੰਨੇ ਹੀ 'ਬੈਲਨ ਡੀ ਓਰ' ਖਿਤਾਬ ਆਪਣੇ ਨਾਮ ਕਰਨਾ ਚਾਹੁੰਦੇ ਹਨ।

ਰੋਨਾਲਡੋ ਦਾ ਚੌਥਾ ਬੱਚਾ
ਰੋਨਾਲਡੋ ਨੇ ਕਿਹਾ, ''ਇਸਦਾ ਸਾਫ਼ ਮਤਲਬ ਇਹ ਹੈ ਕਿ ਮੈਂ ਇੱਥੇ ਰੁਕਣਾ ਨਹੀਂ ਚਾਹੁੰਦਾ। ਜਦੋਂ ਤੱਕ ਮੈਂ ਖੇਡ ਰਿਹਾ ਹਾਂ, ਜੋ ਮੈਂ ਚਾਹੁੰਦਾ ਹਾਂ ਉਹ ਜਿੱਤਾਂਗਾ। ਅਗਲੇ ਸਾਲ ਪੰਜਵਾਂ 'ਬੈਲਨ ਡੀ ਓਰ' ਖਿਤਾਬ ਜਿੱਤਣਾ ਮੇਰਾ ਟੀਚਾ ਹੈ।

ਦਿੱਗਜ ਖਿਡਾਰੀ ਰੋਨਾਲਡੋ ਨੇ ਇਹ ਵੀ ਕਿਹਾ ਕਿ ਉਹ ਚੈਂਪੀਅਨਸ ਲੀਗ ਵਿਚ 'ਪੈਰਿਸ ਸੇਂਟ ਜਰਮਨ' ਖਿਲਾਫ ਖੇਡੇ ਜਾਣ ਵਾਲੇ ਮੁਕਾਬਲੇ ਤੋਂ ਦਬਾਅ ਵਿਚ ਨਹੀਂ ਹਨ ਅਤੇ ਉਨ੍ਹਾਂ ਦੇ ਕਲੱਬ ਦਾ ਟੀਚਾ ਲੀਗ ਸੂਚੀ ਵਿਚ ਸਿਖਰ ਸਥਾਨ ਹਾਸਲ ਕਰਨਾ ਹੈ।