ਭੂਮਿਕਾ ਨੇ ਵਰਲਡ ਚੈਂਪੀਅਨਸ਼ਿਪ ''ਚ ਜਿੱਤਿਆ ਸੋਨਾ

06/27/2017 1:12:14 AM

ਦੇਹਰਾਦੂਨ— ਵਰਲਡ ਬਾਡੀ ਬਿਲਡਿੰਗ ਚੈਂਪੀਅਨਸ਼ਿਪ ਦੇ ਫਿੱਟਨੈੱਸ, ਫਿਜਿਕ ਤੇ ਬਾਡੀ ਬਿਲਡਿੰਗ ਮੁਕਾਬਲਿਆਂ ਵਿਚ ਵੱਖ-ਵੱਖ ਦੇਸ਼ਾਂ ਦੇ ਕਰੀਬ 50 ਮਹਿਲਾ ਬਾਡੀ ਬਿਲਡਰਾਂ ਨੂੰ ਪਛਾੜ ਕੇ ਦੇਹਰਾਦੂਨ ਦੀ ਭੂਮਿਕਾ ਸ਼ਰਮਾ ਨੇ ਭਾਰਤ ਲਈ ਸੋਨ ਤਮਗਾ ਜਿੱਤਿਆ ਹੈ। ਦੂਨ ਦੇ ਸਹਿਸਤਰਧਾਰਾ ਰੋਡ ਨਿਵਾਸੀ ਭੂਮਿਕਾ ਪਿਛਲੇ 3 ਸਾਲਾਂ ਤੋਂ ਬਾਡੀ ਬਿਲਡਿੰਗ ਕਰ ਰਹੀ ਹੈ। ਇਸ ਤੋਂ ਪਹਿਲਾਂ ਮਿਸ ਇੰਡੀਆ ਬਾਡੀ ਬਿਲਡਿੰਗ ਚੈਂਪੀਅਨਸ਼ਿਪ ਵਿਚ ਭੂਮਿਕਾ ਦੂਜੇ ਸਥਾਨ 'ਤੇ ਰਹੀ ਸੀ।
ਭੂਮਿਕਾ ਨੇ ਦੱਸਿਆ ਕਿ ਉਸ ਨੇ ਪਿਛਲੇ ਸਾਲ ਮਿਸ ਦਿੱਲੀ ਬਾਡੀ ਬਿਲਡਿੰਗ ਚੈਂਪੀਅਨਸ਼ਿਪ ਵਿਚ ਹਿੱਸਾ ਲਿਆ ਤੇ ਸੋਨ ਤਮਗਾ ਜਿੱਤ ਕੇ ਮਿਸ ਇੰਡੀਆ ਲਈ ਜਗ੍ਹਾ ਬਣਾਈ ਸੀ। ਪੁਣੇ 'ਚ ਆਯੋਜਿਤ ਮਿਸ ਇੰਡੀਆ ਵਿਚ ਉੱਤਰਾਖੰਡ ਦੀ ਅਗਵਾਈ ਕਰਦਿਆਂ ਚਾਂਦੀ ਤਮਗਾ ਜਿੱਤਿਆ ਤੇ ਇਥੋਂ ਹੀ ਵਰਲਡ ਬਾਡੀ ਬਿਲਡਿੰਗ ਚੈਂਪੀਅਨਸ਼ਿਪ ਲਈ ਟਿਕਟ ਫਾਈਨਲ ਹੋਈ। ਪਿਛਲੀ 17 ਤੇ 18 ਜੂਨ ਨੂੰ ਵੇਨਿਸ ਤੇ ਇਟਲੀ 'ਚ ਪੁਰਸ਼ ਤੇ ਮਹਿਲਾ ਫਿੱਟਨੈੱਸ, ਫਿਜਿਕ ਤੇ ਬਾਡੀ ਬਿਲਡਿੰਗ ਮੁਕਾਬਲੇ ਹੋਏ ਸਨ।
ਭੂਮਿਕਾ ਨੇ ਕਿਹਾ ਕਿ ਉਹ ਭਾਰਤ ਤੋਂ ਇਕਲੌਤੀ ਖਿਡਾਰਨ ਸੀ, ਜਿਸ ਨੇ ਵਰਲਡ ਚੈਂਪੀਅਨਸ਼ਿਪ ਵਿਚ ਦੇਸ਼ ਦੀ ਅਗਵਾਈ ਕੀਤੀ। ਚੈਂਪੀਅਨਸ਼ਿਪ ਵਿਚ ਕੁਲ 3 ਰਾਊਂਡ ਹੋਏ, ਪਹਿਲੇ ਰਾਊਂਡ ਵਿਚ ਫਾਲ ਇਨ, ਦੂਜੇ ਰਾਊਂਡ 'ਚ ਫੈਸਲਾਕੁੰਨ ਨਤੀਜਿਆਂ ਦੇ ਮੁਤਾਬਕ ਬਾਡੀ ਪੋਜ਼ਿੰਗ ਤੇ ਆਖਰੀ ਰਾਊਂਡ ਵਿਚ ਇੰਡੀਵਿਜ਼ੁਅਲ ਪੋਜ਼ਿੰਗ ਹੋਈ। ਸਾਰੇ ਰਾਊਂਡਜ਼ 'ਚ ਸਰਵਸ੍ਰੇਸ਼ਠ ਪ੍ਰਦਰਸ਼ਨ ਦੇ ਆਧਾਰ 'ਤੇ ਅੰਕ ਦਿੱਤੇ ਗਏ ਤੇ ਉਹ ਸੋਨ ਤਮਗਾ ਜਿੱਤਣ 'ਚ ਸਫਲ ਰਹੀ। ਭੂਮਿਕਾ ਦੇ ਕੋਚ ਦਿੱਲੀ ਦੇ ਭੁਪੇਂਦਰ ਸ਼ਰਮਾ ਹਨ, ਜਦਕਿ ਉਸ ਦੀ ਮਾਂ ਹੰਸਾ ਮਨਰਾਲ ਸ਼ਰਮਾ ਭਾਰਤੀ ਵੇਟ ਲਿਫਟਿੰਗ ਟੀਮ ਦੀ ਮੁੱਖ ਟ੍ਰੇਨਰ ਦੇ ਨਾਲ ਹੀ ਉੱਤਰਾਖੰਡ ਦੀ ਦ੍ਰੋਣਾਚਾਰੀਆ ਐਵਾਰਡੀ ਹੈ।