ਦਿੱਲੀ ''ਚ ਹੋਵੇਗਾ ਰੋਲ ਬਾਲ ਦਾ 5ਵਾਂ ਵਿਸ਼ਵ ਕੱਪ

07/14/2019 3:43:10 PM

ਸਪੋਰਟਸ ਡੈਸਕ— ਅੰਤਰਰਾਸ਼ਟਰੀ ਪੱਧਰ 'ਤੇ ਤੇਜ਼ੀ ਨਾਲ ਉਭਰ ਰਹੀ ਖੇਡ ਰੋਲ ਬਾਲ ਦਾ ਪੰਜਵਾਂ ਵਿਸ਼ਵ ਕੱਪ ਦਿੱਲੀ ਦੇ ਇੰਦਰਾ ਗਾਂਧੀ ਇੰਡੋਰ ਸਟੇਡੀਅਮ ਵਿਚ 12 ਤੋਂ 17 ਨਵੰਬਰ ਤੱਕ ਆਯੋਜਿਤ ਕੀਤਾ ਜਾਵੇਗਾ। ਇਸ ਵਿਚ 40 ਦੇਸ਼ ਹਿੱਸਾ ਲੈਣਗੇ। ਭਾਰਤੀ ਰੋਲ ਬਾਲ ਮਹਾਸੰਘ ਦੇ ਉਪ-ਪ੍ਰਧਾਨ ਅਤੇ ਅੰਤਰਰਾਸ਼ਟਰੀ ਰੋਲ ਬਾਲ ਮਹਾਸੰਘ ਦੇ ਡਾਇਰੈਕਟਰ ਮਨੋਜ ਕੁਮਾਰ ਯਾਦਵ ਨੇ ਸ਼ਨੀਵਾਰ ਨੂੰ ਪੱਤਰਕਾਰ ਸੰਮੇਲਨ ਵਿਚ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਟੂਰਨਾਮੈਂਟ ਵਿਚ ਕੁੱਲ 40 ਦੇਸ਼ ਹਿੱਸਾ ਲੈਣਗੇ। ਪੁਰਸ਼ ਵਰਗ ਵਿਚ 40 ਟੀਮਾਂ ਅਤੇ ਮਹਿਲਾ ਵਰਗ ਵਿਚ 20 ਟੀਮਾਂ ਉਤਰਨਗੀਆਂ।

ਮਨੋਜ ਨੇ ਦੱਸਿਆ ਕਿ ਰੋਲ ਬਾਲ ਖੇਡ ਦੀ ਸ਼ੁਰੂਆਤ ਮਹਾਰਾਸ਼ਟਰ ਦੇ ਪੁਣੇ ਤੋਂ 2003 ਵਿਚ ਹੋਈ ਸੀ। ਇਸ ਦਾ ਪਹਿਲਾ ਵਿਸ਼ਵ ਕੱਪ 2011 ਵਿਚ ਪੁਣੇ 'ਚ ਹੀ ਆਯੋਜਿਤ ਹੋਇਆ ਸੀ। ਪਹਿਲਾ ਵਿਸ਼ਵ ਕੱਪ ਡੈਨਮਾਰਕ ਨੇ ਜਿੱਤਿਆ ਸੀ। ਭਾਰਤ ਦੂਜੇ ਸਥਾਨ 'ਤੇ ਰਿਹਾ ਸੀ। ਦੂਸਰਾ ਰੋਲ ਬਾਲ ਵਿਸ਼ਵ ਕੱਪ ਕੀਨੀਆ ਵਿਚ 2013 ਵਿਚ ਹੋਇਆ। ਇਸ ਵਿਚ ਭਾਰਤ ਪੁਰਸ਼ ਅਤੇ ਮਹਿਲਾ ਵਰਗ ਦੋਵਾਂ ਵਿਚ ਜੇਤੂ ਬਣਿਆ। ਪੁਣੇ ਨੇ 2015 ਵਿਚ ਤੀਸਰੇ ਵਿਸ਼ਵ ਕੱਪ ਦੀ ਮੇਜ਼ਬਾਨੀ ਕੀਤੀ। ਪੁਰਸ਼ ਵਰਗ ਵਿਚ ਭਾਰਤ ਅਤੇ ਮਹਿਲਾ ਵਰਗ ਵਿਚ ਕੀਨੀਆ ਜੇਤੂ ਬਣਿਆ। ਚੌਥਾ ਵਿਸ਼ਵ ਕੱਪ 2017 ਵਿਚ ਬੰਗਲਾਦੇਸ਼ ਵਿਚ ਆਯੋਜਿਤ ਹੋਇਆ। ਇਸ ਵਿਚ ਭਾਰਤ ਨੇ ਦੋਵੇਂ ਵਰਗਾਂ ਵਿਚ ਖਿਤਾਬ ਜਿੱਤਿਆ।