100 ਟੀ-20 ਖੇਡਣ ਵਾਲੇ ਦੁਨੀਆ ਦੇ ਦੂਜੇ ਖਿਡਾਰੀ ਬਣਨਗੇ ਰੋਹਿਤ

11/05/2019 6:15:09 PM

ਨਵੀਂ ਦਿੱਲੀ : ਭਾਰਤ ਦੇ ਕਾਰਜਵਾਹਕ ਕਪਤਾਨ ਰੋਹਿਤ ਸ਼ਰਮਾ ਰਾਜਕੋਟ ਵਿਚ ਬੰਗਲਾਦੇਸ਼ ਖਿਲਾਫ ਦੂਜੇ ਟੀ-20 ਮੁਕਾਬਲੇ ਵਿਚ ਉਤਰਨ ਦੇ ਨਾਲ ਹੀ 100 ਕੌਮਾਂਤਰੀ ਟੀ-20 ਮੈਚ ਖੇਡਣ ਵਾਲੇ ਦੁਨੀਆ ਦੇ ਦੂਜੇ ਖਿਡਾਰੀ ਬਣ ਜਾਣਗੇ। ਭਾਰਤ ਅਤੇ ਬੰਗਲਾਦੇਸ਼ ਵਿਚਾਲੇ 3 ਮੈਚਾਂ ਦੀ ਸੀਰੀਜ਼ ਦਾ ਪਹਿਲਾ ਮੈਚ ਐਤਵਾਰ ਨੂੰ ਦਿੱਲੀ ਵਿਚ ਖੇਡਿਆ ਗਿਆ ਸੀ ਜਿਸ ਨੂੰ ਮਹਿਮਾਨ ਟੀਮ ਨੇ 7 ਵਿਕਟਾਂ ਨਾਲ ਜਿੱਤਿਆ ਸੀ। ਸੀਰੀਜ਼ ਦਾ ਦੂਜਾ ਮੈਚ 7 ਨਵੰਬਰ ਨੂੰ ਰਾਜਕੋਟ ਵਿਚ ਖੇਡਿਆ ਜਾਵੇਗਾ। ਹਾਲਾਂਕਿ ਦੂਜੇ ਮੈਚ ਵਿਚ ਮਾਹਾ ਨਾਂ ਦੇ ਤੂਫਾਨ ਦਾ ਖਤਰਾ ਮੰਡਰਾ ਰਿਹਾ ਹੈ। ਰੋਹਿਤ ਨੇ ਦਿੱਲੀ ਵਿਚ ਉਤਰਨ ਦੇ ਨਾਲ ਹੀ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੂੰ ਪਿੱਛੇ ਛੱਡਿਆ ਸੀ ਜਿਸ ਨੇ 98 ਟੀ-20 ਮੈਚ ਖੇਡੇ ਸੀ।

ਰੋਹਿਤ ਇਸ ਸਮੇਂ ਪਾਕਿਸਤਾਨ ਦੇ ਸ਼ਾਹਿਤ ਅਫਰੀਦੀ ਨਾਲ ਬਰਾਬਰੀ 'ਤੇ ਹਨ, ਜਿਸ ਦੇ ਨਾਂ 99 ਟੀ-20 ਕੌਮਾਂਤਰੀ ਮੈਚ ਹਨ। ਪਾਕਿਸਤਾਨੀ ਆਲਰਾਊਂਡਰ ਸ਼ੋਇਬ ਮਲਿਕ 111 ਟੀ-20 ਮੈਚਾਂ ਦੇ ਨਾਲ ਇਸ ਸਵਰੂਪ ਵਿਚ 100 ਮੈਚ ਖੇਡਣ ਵਾਲੇ ਦੁਨੀਆ ਦੇ ਇਕਲੌਤੇ ਖਿਡਾਰੀ ਹਨ। ਛੋਟੇ ਸਵਰੂਪ ਵਿਚ ਭਾਰਤ ਦੇ ਉਪ-ਕਪਤਾਨ ਅਤੇ ਇਸ ਸੀਰੀਜ਼ ਵਿਚ ਰੈਗੁਲਰ ਕਪਤਾਨ ਵਿਰਾਟ ਕੋਹਲੀ ਨੂੰ ਆਰਾਮ ਦਿੱਤੇ ਜਾਣ ਤੋਂ ਬਾਅਦ ਕਪਤਾਨੀ ਸੰਭਾਲ ਰਹੇ ਰੋਹਿਤ ਨੇ ਟੀ-20 ਵਿਚ ਆਪਣਾ ਡੈਬਿਊ 19 ਸਤੰਬਰ 2007 ਨੂੰ ਡਰਬਨ ਵਿਚ ਇੰਗਲੈਂਡ ਖਿਲਾਫ ਕੀਤਾ ਸੀ। ਆਪਣੇ ਪਹਿਲੇ ਮੈਚ ਵਿਚ ਰੋਹਿਤ ਨੂੰ ਬੱਲੇਬਾਜ਼ੀ ਦਾ ਮੌਕਾ ਨਹੀਂ ਮਿਲਿਆ ਸੀ ਜਦਕਿ ਭਾਰਤ ਨੇ ਟੀ-20 ਵਰਲਡ ਕੱਪ ਦਾ ਇਹ ਮੁਕਾਬਲਾ 18 ਦੌੜਾਂ ਨਾਲ ਜਿੱਤਿਆ ਸੀ।