ਅੱਜ ਹੀ ਦੇ ਦਿਨ ਵਨ ਡੇ ਕ੍ਰਿਕਟ ''ਚ ਹਿੱਟਮੈਨ ਦਾ ਆਇਆ ਸੀ ਤੂਫਾਨ, ਇਕੱਲੇ ਬਣਾ ਦਿੱਤੀਆਂ ਸੀ 264 ਦੌੜਾਂ

11/13/2019 2:29:00 PM

ਨਵੀਂ ਦਿੱਲੀ : ਭਾਰਤ ਵਿਚ ਪਹਿਲੀ ਵਾਰ ਡੇ-ਨਾਈਟ ਟੈਸਟ ਨਵੰਬਰ ਤੋਂ ਕੋਲਕਾਤਾ ਦੇ ਈਡਨ ਗਾਰਡਨ ਵਿਚ ਖੇਡਿਆ ਜਾਵੇਗਾ, ਜਿੱਥੇ 5 ਸਾਲ ਪਹਿਲਾਂ ਅੱਜ ਹੀ ਦੇ ਦਿਨ (13 ਨਵੰਬਰ 2014) ਟੀਮ ਇੰਡੀਆ ਦੇ 'ਹਿੱਟਮੈਨ' ਰੋਹਿਤ ਸ਼ਰਮਾ ਨੇ ਵਨ ਡੇ ਕ੍ਰਿਕਟ ਦੇ ਇਤਿਹਾਸ ਦੀ ਸਭ ਤੋਂ ਵੱਡੀ ਪਾਰੀ ਖੇਡੀ ਸੀ। ਰੋਹਿਤ ਨੇ ਸ਼੍ਰੀਲੰਕਾ ਖਿਲਾਫ ਵਨ ਡੇ ਸੀਰੀਜ਼ ਦੇ ਚੌਥੇ ਮੈਚ ਮੈਚ ਵਿਚ 264 ਦੌੜਾਂ ਦੀ ਪਾਰੀ ਖੇਡੀ ਸੀ। ਬੰਗਲਾਦੇਸ਼ ਖਿਲਾਫ ਹੋਣ ਵਾਲੇ ਇਤਿਹਾਸਕ ਡੇਅ-ਨਾਈਟ ਟੈਸਟ ਵਿਚ ਇਕ ਵਾਰ ਫਿਰ ਰੋਹਿਤ ਦੇ ਕੋਲ ਈਡਨ ਗਾਰਡਨ ਵਿਚ ਕੁਝ ਅਲੱਗ ਕਰਨ ਦਾ ਮੌਕਾ ਹੈ।

ਰੋਹਿਤ ਦਾ ਆਇਆ ਸੀ ਤੂਫਾਨ

ਰੋਹਿਤ ਸ਼ਰਮਾ ਦੀ ਤੂਫਾਨੀ ਪਾਰੀ ਦਾ ਤੁਸੀਂ ਇਸ ਗੱਲ ਤੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਉਸ ਨੇ ਉਸ ਨੇ 186 ਦੌੜਾਂ ਸਿਰਫ 41 ਗੇਂਦਾਂ ਵਿਚ ਬਣਾ ਦਿੱਤੀਆਂ ਸੀ। ਮਤਲਬ ਰੋਹਿਤ ਨੇ ਆਪਣੀ ਪਾਰੀ ਵਿਚ 33 ਚੌਕੇ ਅਤੇ 9 ਛੱਕੇ ਲਗਾਏ ਸੀ। ਇੰਨੇ ਚੌਕੇ ਛੱਕੇ ਪੂਰੀ ਟੀਮ ਨੂੰ ਲਗਾਉਣੇ ਮੁਸ਼ਕਿਲ ਹੁੰਦੇ ਹਨ ਪਰ ਹਿੱਟਮੈਨ ਨੇ ਇਹ ਕਾਰਨਾਮਾ ਇਕੱਲੇ ਹੀ ਕਰ ਦਿੱਤਾ। ਇਸ ਮੈਚ ਨੂੰ ਭਾਰਤੀ ਟੀਮ ਨੇ 153 ਦੌੜਾਂ ਦੇ ਵੱਡੇ ਫਰਕ ਨਾਲ ਜਿੱਤਿਆ ਸੀ ਅਤੇ ਸ਼੍ਰੀਲੰਕਾ ਦੀ ਟੀਮ ਰੋਹਿਤ ਦੇ ਵਿਅਕਤੀਗਤ ਸਕੋਰ ਤਕ ਵੀ ਨਹੀਂ ਪਹੁੰਚ ਸਕੀ ਸੀ। ਪੂਰੀ ਸ਼੍ਰੀਲੰਾਈ ਟੀਮ ਸਿਰਫ 251 ਦੌੜਾਂ 'ਤੇ ਢੇਰ ਹੋ ਗਈ ਸੀ।

ਦਿਲਚਸਪ ਗੱਲ ਇਹ ਹੈ ਕਿ ਜਿਸ ਪਾਰੀ ਤੋਂ ਬਾਅਦ ਰੋਹਿਤ ਸ਼ਰਮਾ ਨੇ ਦੁਨੀਆ ਦੇ ਸਾਰੇ ਗੇਂਦਬਾਜ਼ਾਂ ਵਿਚ ਆਪਣਾ ਡਰ ਪੈਦਾ ਕਰ ਦਿੱਤਾ ਸੀ, ਉਸ ਤੋਂ ਪਹਿਲਾਂ ਉਹ ਖੁਦ ਕਾਫੀ ਡਰੇ ਹੋਏ ਸੀ। ਉਹ ਆਪਣੀ ਪਤਨੀ ਦੇ ਅੱਗੇ ਬੱਲੇਬਾਜ਼ੀ ਕਰਨ ਤੋਂ ਡਰ ਰਹੇ ਸੀ। ਇਸ ਗੱਲ ਦਾ ਖੁਲਾਸਾ ਰੋਹਿਤ ਸ਼ਰਮਾ ਨੇ ਖੁਦ ਇਕ ਇੰਟਰਵਿਊ ਵਿਚ ਕੀਤਾ ਸੀ। 'ਬ੍ਰੇਕ ਫਾਸਟ ਵਿਦ ਚੈਂਪੀਅਨਜ਼' ਸ਼ੋਅ ਵਿਚ ਰੋਹਿਤ ਨੇ ਖੁਲਾਸਾ ਕੀਤਾ ਸੀ ਕਿ ਇਸ ਮੈਚ ਵਿਚ ਉਹ ਸੱਟ ਤੋਂ ਬਾਅਦ ਵਾਪਸੀ ਕਰ ਰਹੇ ਸੀ ਇਸ ਲਈ ਉਸ ਦੇ ਅੰਦਰ ਥੋੜਾ ਡਰ ਸੀ। ਰੋਹਿਤ ਨੇ ਇੰਟਰਵਿਊ ਵਿਚ ਦੱਸਿਆ ਕਿ ਮੈਂ ਸੱਟ ਤੋਂ ਬਾਅਦ ਵਾਪਸ ਆਇਆ ਸੀ, ਮੇਰੇ ਆਪਣੀ ਪਤਨੀ ਦੇ ਅੱਗੇ ਪਸੀਨੇ ਛੁੱਟ ਰਹੇ ਸੀ। ਮੈਂ ਸੋਚ ਰਿਹਾ ਸੀ ਕਿ ਪਤਾ ਨਹੀਂ ਮੈਂ ਕਿਵੇਂ ਖੇਡਾਂਗਾ ਪਰ ਮੈਂ ਖੇਡਦਾ ਰਿਹਾ ਅਤੇ ਦੌੜਾਂ ਬਣਦੀਆਂ ਗਈਆਂ। ਜਦੋਂ ਮੈਂ ਆਊਟ ਹੋ ਕੇ ਪਵੇਲੀਅਨ ਪਰਤਿਆ ਤਾਂ ਉਸ ਸਮੇਂ ਦੇ ਕੋਚ ਡੰਕਨ ਫਲੈਚਰ ਨੇ ਮੈਨੂੰ ਕਿਹਾ ਕਿ ਤੁਸੀਂ 300 ਦੌੜਾਂ ਵੀ ਬਣਾ ਸਕਦੇ ਸੀ। ਤੁਸੀਂ ਸ਼ੁਰੂਆਤ ਵਿਚ ਸਲੋਅ ਖੇਡੇ ਹੋ। ਇਸ ਤੋਂ ਬਾਅਦ ਮੈਂ ਫਲੈਚਰ ਨੂੰ ਕਿਹਾ ਕਿ ਤੁਹਾਨੂੰ 264 ਦੌੜਾਂ ਘੱਟ ਦਿਸ ਰਹੀਆਂ ਹਨ।

ਇਸ ਤੋਂ ਬਾਅਦ ਰੋਹਿਤ ਨੇ ਕਿਹਾ ਕਿ ਮੈਂ ਜਿੱਥੇ ਵੀ ਜਾਂਦਾ ਹਾਂ ਲੋਕ ਮੈਨੂੰ ਕਹਿੰਦੇ ਹਨ ਕਿ ਤਿਹਰਾ ਸੈਂਕੜਾ ਲਗਾਉਣ ਲਈ ਕਹਿੰਦੇ ਹਨ। ਮੈਂ ਇਹੀ ਕਹਿੰਦਾ ਹਾਂ ਕਿ 300 ਦੌੜਾਂ ਖਾਣਾ ਖਾਣ ਵਾਲੀ ਗੱਲ ਨਹੀਂ ਹੈ। ਸਾਹਮਣੇ ਵਾਲੀ ਟੀਮ ਵਿਚ ਜਿੱਤਣ ਆਈ ਹੈ। ਰੋਹਿਤ ਨੇ ਅੱਗੇ ਕਿਹਾ ਕਿ ਭਾਰਤ ਇਕ ਅਜਿਹਾ ਦੇਸ਼ ਹੈ ਜਿੱਥੇ ਤੁਹਾਡੇ ਤੋਂ ਹੋਰ ਵੱਧ ਉਮੀਦ ਕੀਤੀ ਜਾਂਦੀ ਹੈ। ਹਾਲਾਂਕਿ ਮੈਂ 300 ਦੌੜਾਂ ਬਣਾਉਣ ਦੀ ਕੋਸ਼ਿਸ਼ ਜ਼ਰੂਰ ਕਰਾਂਗਾ।