22ਵਾਂ ਸੈਂਕੜਾ ਲਾਉਂਦਿਆਂ ਹੀ ਰੋਹਿਤ ਨੇ ਕੀਤੀ ਗਾਂਗੁਲੀ ਦੀ ਬਰਾਬਰੀ

01/12/2019 5:56:07 PM

ਸਿਡਨੀ : ਭਾਰਤੀ ਉਪ-ਕਪਤਾਨ ਰੋਹਿਤ ਸ਼ਰਮਾ ਆਪਣਾ 22ਵਾਂ ਵਨਡੇ ਸੈਂਕੜਾ ਬਣਾਉਂਦਿਆਂ ਹੀ ਸਾਬਕਾ ਕਪਤਾਨ ਸੌਰਭ ਗਾਂਗੁਲੀ ਦੀ ਬਰਾਬਰੀ 'ਤੇ ਪਹੁੰਚ ਗਏ ਹਨ ਅਤੇ ਵਨਡੇ ਵਿਚ ਸਭ ਤੋਂ ਵੱਧ ਸੈਂਕੇੜੇ ਬਣਾਉਣ ਵਾਲੇ ਸਾਂਝੇ ਤੌਰ 'ਤੇ 9ਵੇਂ ਬਾਲੇਬਾਜ਼ ਬਣ ਗਏ ਹਨ। ਰੋਹਿਤ ਨੇ ਆਸਟਰੇਲੀਆ ਖਿਲਾਫ ਪਹਿਲੇ ਵਨਡੇ ਵਿਚ ਸ਼ਨੀਵਾਰ ਨੂੰ 133 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ, ਹਾਲਾਂਕਿ ਉਸ ਦੀ ਇਸ ਬਿਹਤਰੀਨ ਪਾਰੀ ਦੇ ਬਾਵਜੂਦ ਭਾਰਤ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਰੋਹਿਤ ਦਾ 194 ਮੈਚਾਂ ਵਿਚ ਇਹ 22ਵਾਂ ਸੈਂਕੜਾ ਸੀ। ਸਾਬਕਾ ਕਪਤਾਨ ਗਾਂਗੁਲੀ ਨੇ 311 ਮੈਚਾਂ ਵਿਚ 22 ਸੈਂਕੜੇ ਬਣਾਏ ਸੀ।

ਦਿਲਚਸਪ ਗੱਲ ਹੈ ਕਿ ਰੋਹਿਤ ਨੇ ਆਪਣਾ ਵਨਡੇ ਡੈਬਿਯੂ 2007 ਵਿਚ ਆਇਰਲੈਂਡ ਖਿਲਾਫ ਕੀਤਾ ਸੀ, ਜਦਕਿ ਗਾਂਗੁਲੀ ਨੇ ਆਪਣਾ ਆਖਰੀ ਮੈਚ 2007 'ਚ ਹੀ ਪਾਕਿਸਤਾਨ ਖਿਲਾਫ ਖੇਡਿਆ ਸੀ। ਵਨਡੇ ਵਿਚ ਸਭ ਤੋਂ ਵੱਧ ਸੈਂਕੜੇ ਬਣਾਉਣ ਦੇ ਮਾਮਲੇ ਵਿਚ ਰੋਹਿਤ ਤੋਂ ਅੱਗੇ ਵਿੰਡੀਜ਼ ਦੇ ਕ੍ਰਿਸ ਗੇਲ (23), ਸ਼੍ਰੀਲੰਕਾ ਦੇ ਕੁਮਾਰਾ ਸੰਗਾਕਾਰਾ (25), ਦੱਖਣੀ ਅਫਰੀਕਾ ਦੇ ਡਿਵਿਲੀਅਰਸ (25), ਹਾਸ਼ਿਮ ਅਮਲਾ (26), ਸ਼ਰੀਲੰਕਾ ਦੇ ਸਨਥ ਜੈਸੂਰਯਾ (28), ਆਸਟਰੇਲੀਆ ਦੇ ਰਿਕੀ ਪੋਟਿੰਗ (30), ਭਾਰਤੀ ਕਪਤਾਨ ਵਿਰਾਟ ਕੋਹਲੀ (38) ਅਤੇ ਸਚਿਨ ਤੇਂਦੁਲਕਰ (49) ਹਨ।