IND vs NZ : ਸੱਟ ਕਾਰਨ ਰੋਹਿਤ ਵਨ ਡੇ ਅਤੇ ਟੈਸਟ ਸੀਰੀਜ਼ 'ਚੋਂ ਹੋਇਆ ਬਾਹਰ

02/03/2020 3:29:26 PM

ਨਵੀਂ ਦਿੱਲੀ : ਭਾਰਤੀ ਕ੍ਰਿਕਟ ਟੀਮ ਇਸ ਸਮੇਂ ਨਿਊਜ਼ੀਲੈਂਡ ਦੌਰੇ 'ਤੇ ਹੈ। ਨਿਊਜ਼ੀਲੈਂਡ ਖਿਲਾਫ ਟੀ-20 ਸੀਰੀਜ਼ 5-0 ਨਾਲ ਜਿੱਤਣ ਤੋਂ ਬਾਅਦ ਹੁਣ ਟੀਮ ਇੰਡੀਆ ਨੂੰ 3 ਵਨ ਡੇ ਅਤੇ 2 ਟੈਸਟ ਖੇਡਣੇ ਹਨ ਪਰ ਇਸ ਤੋਂ ਪਹਿਲਾਂ ਟੀਮ ਇੰਡੀਆ ਅਤੇ ਪ੍ਰਸ਼ੰਸਕਾਂ ਲਈ ਬੁਰੀ ਖਬਰ ਸਾਹਮਣੇ ਆਈ ਹੈ। ਰੋਹਿਤ ਸ਼ਰਮਾ ਦੇ ਆਖਰੀ ਟੀ-20 ਮੈਚ ਵਿਚ ਬੱਲੇਬਾਜ਼ੀ ਦੌਰਾਨ ਪਿੰਡਲੀ 'ਤੇ ਸੱਟ ਲੱਗ ਗਈ ਸੀ ਜਿਸ ਕਾਰਨ ਉਸ ਨੂੰ ਬੱਲੇਬਾਜ਼ੀ ਵਿਚਾਲੇ ਛੱਡ ਕੇ ਮੈਦਾਨ ਤੋਂ ਬਾਹਰ ਜਾਣਾ ਪਿਆ ਸੀ। ਰਿਪੋਰਟਸ ਮੁਤਾਬਕ ਹੁਣ ਰੋਹਿਤ ਸ਼ਰਮਾ ਇਸ ਸੱਟ ਕਾਰਨ ਨਿਊਜ਼ੀਲੈਂਡ ਖਿਲਾਫ ਵਨ ਡੇ ਅਤੇ ਟੈਸਟ ਸੀਰੀਜ਼ ਵਿਚੋਂ ਬਾਹਰ ਹੋ ਗਏ ਹਨ।

ਖੂਬ ਚੱਲ ਰਿਹਾ ਹੈ ਰੋਹਿਤ ਦਾ ਬੱਲਾ
ਮੌਜੂਦਾ ਸਮੇਂ ਰੋਹਿਤ ਦਾ ਬੱਲਾ ਖੂਬ ਚੱਲ ਰਿਹਾ ਹੈ ਅਤੇ ਉਹ ਟੀਮ ਇੰਡੀਆ ਦੀ ਜਿੱਤ ਵਿਚ ਸਭ ਤੋਂ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਹਨ। ਆਸਟਰੇਲੀਆ ਖਿਲਾਫ ਅਤੇ ਹੁਣ ਨਿਊਜ਼ੀਲੈਂਡ ਖਿਲਾਫ ਵੀ ਰੋਹਿਤ ਸ਼ਾਨਦਾਰ ਲੈਅ ਵਿਚ ਦਿਸ ਰਹੇ ਹਨ। ਪਹਿਲੇ 2 ਟੀ-20 ਮੈਚਾਂ ਨੂੰ ਛੱਡ ਕੇ ਰੋਹਿਤ ਨੇ ਤੀਜੇ ਮੈਚ ਵਿਚ 65 ਦੌਡ਼ਾਂ ਦੀ ਪਾਰੀ ਖੇਡੀ ਅਤੇ ਸੁਪਰ ਓਵਰ ਵਿਚ ਵੀ ਆਖਰੀ 2 ਗੇਂਦਾਂ 'ਤੇ 2 ਛੱਕੇ ਲਾ ਕੇ ਉਸ ਨੇ ਟੀਮ ਨੂੰ ਜਿੱਤ ਦਿਵਾਈ ਸੀ। ਚੌਥੇ ਮੁਕਾਬਲੇ ਵਿਚ ਉਸ ਨੂੰ ਆਰਾਮ ਦਿੱਤਾ ਗਿਆ ਸੀ। 5ਵੇਂ ਅਤੇ ਆਖਰੀ ਮੁਕਾਬਲੇ ਵਿਚ ਕੋਹਲੀ ਨੂੰ ਆਰਾਮ ਦੇਣ ਕਾਰਨ ਰੋਹਿਤ ਨੂੰ ਟੀਮ ਦੀ ਕਪਤਾਨੀ ਦਿੱਤੀ ਗਈ, ਜਿਸ ਦਾ ਉਸ ਨੇ ਵੀ ਪੂਰਾ ਫਾਇਦਾ ਚੁੱਕਿਆ ਅਤੇ ਟੀਮ ਲਈ ਅਜੇਤੂ 60 ਦੌਡ਼ਾਂ ਦੀ ਪਾਰੀ ਖੇਡੀ। ਹਾਲਾਂਕਿ ਸੱਟ ਕਾਰਨ ਉਹ ਰਿਟਾਇਰ ਹਰਟ ਹੋ ਗਏ ਸਨ।