55ਵੀਂ ਰਾਸ਼ਟਰੀ ਪੁਰਸ਼ ਪ੍ਰੀਮੀਅਰ ਸ਼ਤਰੰਜ ਚੈਂਪੀਅਨਸ਼ਿਪ ''ਚ ਰੋਹਿਤ-ਨਾਰਾਇਣ ਨੂੰ ਸਾਂਝੀ ਬੜ੍ਹਤ

10/31/2017 11:04:46 PM

ਪਟਨਾ— ਖਾਦੀ ਇੰਡੀਆ 55ਵੀਂ ਰਾਸ਼ਟਰੀ ਪੁਰਸ਼ ਪ੍ਰੀਮੀਅਰ ਸ਼ਤਰੰਜ ਚੈਂਪੀਅਨਸ਼ਿਪ ਦਾ ਚੌਥਾ ਰਾਊਂਡ ਹੁਣ ਤਕ ਦੀ ਸਭ ਤੋਂ ਹਮਲਾਵਰ ਖੇਡ ਦਾ ਗਵਾਹ ਬਣਿਆ ਤੇ 7 ਬੋਰਡਾਂ 'ਚੋਂ 5 ਦੇ ਨਤੀਜੇ ਸਾਹਮਣੇ ਆਏ ਤੇ ਸਿਰਫ 2 ਬੋਰਡ ਡਰਾਅ ਰਹੇ। ਚੌਥੇ ਰਾਊਂਡ ਤੋਂ ਬਾਅਦ ਗ੍ਰੈਂਡ ਮਾਸਟਰ ਰੋਹਿਤ ਲਲਿਤ ਬਾਬੂ ਤੇ ਐੱਸ. ਐੱਲ. ਨਾਰਾਇਣ 3 ਅੰਕਾਂ ਨਾਲ ਸਾਂਝੀ ਬੜ੍ਹਤ 'ਤੇ ਆ ਗਏ ਹਨ।
ਪਹਿਲੇ ਬੋਰਡ 'ਤੇ ਸਵਪਨਿਲ ਥੋਪਾੜੇ ਨੇ ਸ਼ਿਆਮ ਪੀ. ਨਿਖਿਲ ਨੂੰ ਹਰਾਇਆ। ਤੀਜੇ ਬੋਰਡ 'ਤੇ ਦੇਵਾਸ਼ੀਸ਼ ਦਾਸ ਤੇ ਰੋਹਿਤ ਲਲਿਤ ਬਾਬੂ ਵਿਚਾਲੇ ਰੋਮਾਂਚਕ ਮੁਕਾਬਲਾ ਹੋਇਆ। ਨਿਮਜੋ ਇੰਡੀਅਨ ਓਪਨਿੰਗ 'ਚ ਰੋਹਿਤ ਕਾਲੇ ਮੋਹਰਿਆਂ ਨਾਲ ਮੁਕਾਬਲਾ ਖੇਡ ਰਿਹਾ ਸੀ ਤੇ 11ਵੀਂ ਚਾਲ ਤਕ ਖੇਡ ਬੇਹੱਦ ਆਮ ਤਰ੍ਹਾਂ ਨਾਲ ਅੱਗੇ ਵਧ ਰਹੀ ਸੀ, ਉਦੋਂ ਦੇਬਾਸ਼ੀਸ਼ ਨੇ ਇਕ ਹਮਲਾਵਰ ਫੈਸਲਾ ਲਿਆ ਤੇ ਖਤਰਾ ਮੁੱਲ ਲੈਂਦੇ ਹੋਏ ਰੋਹਿਤ ਦੇ ਰਾਜੇ 'ਤੇ ਹਮਲਾ ਕਰਨ ਦੇ ਟੀਚੇ ਨਾਲ ਆਪਣਾ ਘੋੜਾ ਕੁਰਬਾਨ ਕਰ ਦਿੱਤਾ। ਕੁਝ ਸਮੇਂ ਲਈ ਅਜਿਹਾ ਲੱਗਾ ਕਿ ਰੋਹਿਤ ਪ੍ਰੇਸ਼ਾਨੀ 'ਚ ਆ ਸਕਦਾ ਹੈ ਪਰ ਰੋਹਿਤ ਦੇ ਸ਼ਾਨਦਾਰ ਬਚਾਅ ਦੀ ਤਕਨੀਕ ਨੇ ਦਿਖਾਇਆ ਕਿ ਉਹ ਵਾਕਈ ਇਸ ਸਾਲ ਖਿਤਾਬ ਦਾ ਦਾਅਵੇਦਾਰ ਹੈ।  ਉਸ ਨੇ ਅੱਜ ਆਪਣੇ ਰਾਜੇ ਦੇ ਬਚਾਅ ਨੂੰ ਧਿਆਨ ਵਿਚ ਰੱਖਦਿਆਂ ਸਹੀ ਸਮੇਂ 'ਤੇ ਚੰਗੀਆਂ ਚਾਲਾਂ ਨੂੰ ਲੱਭਦਿਆਂ 29 ਚਾਲਾਂ 'ਚ ਜਿੱਤ ਦਰਜ ਕੀਤੀ। 
ਚੌਥੇ ਬੋਰਡ 'ਤੇ ਅਰਧਿਆਦੀਪ ਦਾਸ ਨੂੰ ਐੱਸ. ਐੱਲ. ਨਾਰਾਇਣ ਨੇ ਹਰਾਇਆ। 5ਵੇਂ ਬੋਰਡ 'ਤੇ ਸਾਬਕਾ ਜੇਤੂ ਤੇ ਆਪਣੇ ਖਿਤਾਬ ਦਾ ਬਚਾਅ ਕਰਨ ਉਤਰੇ ਮੁਰਲੀ ਕਾਰਤੀਕੇਅਨ ਨੇ ਅੱਜ ਆਪਣੀ ਪਹਿਲੀ ਜਿੱਤ ਦਰਜ ਕੀਤੀ। ਛੇਵੇਂ ਬੋਰਡ 'ਤੇ ਆਰ. ਆਰ. ਲਕਸ਼ਣਨ ਨੇ ਲੱਗਭਗ ਹਾਰ ਚੁੱਕੇ ਮੈਚ 'ਚ ਸਮਮੇਦ ਸ਼ੇਟੇ ਵਿਰੁੱਧ ਜਿੱਤ ਦਰਜ ਕੀਤੀ। ਹੋਰ 2 ਮੁਕਾਬਲੇ ਡਰਾਅ ਰਹੇ, ਜਿਨ੍ਹਾਂ 'ਚ ਦੂਜੇ ਬੋਰਡ 'ਤੇ ਹਿਮਾਂਸ਼ੂ ਸ਼ਰਮਾ ਨੇ ਡਾ. ਐੱਸ. ਨਿਤਿਨ ਨਾਲ, ਜਦਕਿ ਅਭਿਜੀਤ ਕੁੰਟੇ ਤੇ ਅਰਵਿੰਦ ਚਿਦਾਂਬਰਮ ਨੇ ਮੁਕਾਬਲੇ ਡਰਾਅ ਖੇਡੇ।