2015 ਦੇ ਬਾਅਦ ਕੋਈ ਵਨਡੇ ਸੀਰੀਜ਼ ਨਹੀਂ ਹਾਰਿਆ ਭਾਰਤ, ਕੀ ਜਾਰੀ ਰੱਖ ਸਕਣਗੇ ਰੋਹਿਤ ਇਸ ਨੂੰ

12/17/2017 9:34:17 AM

ਵਿਸ਼ਾਖਾਪਟਨਮ (ਬਿਊਰੋ)— ਭਾਰਤ ਅਤੇ ਸ਼੍ਰੀਲੰਕਾ ਦਰਮਿਆਨ ਅੱਜ ਤੀਜਾ ਅਤੇ ਨਿਰਣਾਇਕ ਮੁਕਾਬਲਾ ਵਿਸ਼ਾਖਾਪਟਨਮ ਵਿਚ ਖੇਡਿਆ ਜਾਵੇਗਾ। ਦੋਨੋਂ ਹੀ ਟੀਮਾਂ ਅਜੋਕਾ ਮੈਚ ਜਿੱਤ ਕੇ ਸੀਰੀਜ਼ ਉੱਤੇ ਕਬਜਾ ਕਰਨ ਦੇ ਇਰਾਦੇ ਨਾਲ ਉਤਰਨਗੀਆਂ। ਪਿਛਲੇ ਮੈਚ ਵਿਚ ਬੱਲੇ ਤੋਂ ਅੱਗ ਉਗਲਣ ਵਾਲੇ ਰੋਹਿਤ ਸ਼ਰਮਾ ਐਤਵਾਰ ਨੂੰ ਤੀਸਰੇ ਵਨਡੇ ਮੈਚ ਵਿਚ ਸ਼੍ਰੀਲੰਕਾ ਖਿਲਾਫ ਉਤਰਨਗੇ ਤਾਂ ਉਨ੍ਹਾਂ ਦੀ ਨਜ਼ਰਾਂ ਵਿਚ ਕਪਤਾਨ ਦੇ ਤੌਰ ਉੱਤੇ ਪਹਿਲੀ ਸੀਰੀਜ਼ ਜਿੱਤਣ ਉੱਤੇ ਹੋਣਗੀਆਂ। ਧਰਮਸ਼ਾਲਾ ਵਿਚ ਖੇਡੇ ਗਏ ਮੈਚ ਵਿੱਚ ਸ਼੍ਰੀਲੰਕਾ ਨੇ ਭਾਰਤ ਨੂੰ ਮਾਤ ਦਿੱਤੀ ਸੀ, ਪਰ ਮੋਹਾਲੀ ਵਿਚ ਖੇਡੇ ਗਏ ਦੂਜੇ ਵਨਡੇ ਮੈਚ ਵਿਚ ਰੋਹਿਤ ਦੇ ਤੀਸਰੇ ਦੋਹਰੇ ਸੈਂਕੜੇ ਦੇ ਦਮ ਉੱਤੇ ਭਾਰਤ ਨੇ ਮਹਿਮਾਨਾਂ ਨੂੰ ਪਟਖਨੀ ਦਿੰਦੇ ਹੋਏ ਸੀਰੀਜ 1-1 ਨਾਲ ਬਰਾਬਰ ਕਰ ਲਈ ਸੀ। ਹੁਣ ਇੱਥੇ ਵਾਈ.ਐੱਸ. ਰਾਜਸ਼ੇਖਰ ਰੇਡੀ ਏ.ਸੀ.ਏ.-ਵੀ.ਡੀ.ਸੀ.ਏ. ਕ੍ਰਿਕਟ ਸਟੇਡੀਅਮ ਵਿਚ ਹੋਣ ਵਾਲਾ ਇਹ ਸੀਰੀਜ਼ ਦਾ ਤੀਜਾ ਅਤੇ ਨਿਰਣਾਇਕ ਮੈਚ ਦੋਨਾਂ ਟੀਮਾਂ ਲਈ ਬੇਹੱਦ ਅਹਿਮ ਹੈ। ਭਾਰਤ ਆਪਣੇ ਘਰ ਵਿਚ ਅਕਤੂਬਰ 2015 ਦੇ ਬਾਅਦ ਤੋਂ ਕੋਈ ਵੀ ਵਨਡੇ ਸੀਰੀਜ਼ ਨਹੀਂ ਹਾਰਿਆ ਹੈ। ਅਜਿਹੇ ਵਿਚ ਉਹ ਆਪਣੇ ਇਸ ਜੇਤੂ ਕ੍ਰਮ ਨੂੰ ਜਾਰੀ ਰੱਖਣਾ ਚਾਹੇਗਾ।