ਵਰਲਡ ਕੱਪ ਲਈ ਪੰਤ ਦੀ ਜਗ੍ਹਾ ਕਾਰਤਿਕ ਦੀ ਚੋਣ 'ਤੇ ਗਾਵਸਕਰ ਵੀ ਹੈਰਾਨ

04/16/2019 10:21:32 AM

ਨਵੀਂ ਦਿੱਲੀ— ਸਾਬਕਾ ਭਾਰਤੀ ਕਪਤਾਨ ਸੁਨੀਲ ਗਾਵਸਕਰ ਨੇ ਸੋਮਵਾਰ ਨੂੰ ਕਿਹਾ ਕਿ ਉਹ ਨੌਜਵਾਨ ਵਿਕਟਕੀਪਰ ਰਿਸ਼ਭ ਪੰਤ ਦੇ ਭਾਰਤ ਦੀ ਵਿਸ਼ਵ ਕੱਪ ਟੀਮ ਤੋਂ ਬਾਹਰ ਹੋਣ ਨਾਲ ਹੈਰਾਨ ਹਨ ਕਿਉਂਕਿ ਉਹ ਕਾਫੀ ਚੰਗੀ ਬੱਲੇਬਾਜ਼ੀ ਫਾਰਮ 'ਚ ਹੈ ਅਤੇ ਉਸ ਦੇ ਵਿਕਟਕੀਪਿੰਗ ਹੁਨਰ 'ਚ ਕਾਫੀ ਸੁਧਾਰ ਹੋ ਰਿਹਾ ਹੈ। 33 ਸਾਲਾ ਦਿਨੇਸ਼ ਕਾਰਤਿਕ ਨੇ ਭਾਰਤ ਵੱਲੋਂ ਵਿਸ਼ਵ ਕੱਪ ਲਈ ਚੁਣੀ ਗਈ 15 ਮੈਂਬਰੀ ਟੀਮ 'ਚ ਦੂਜੇ ਵਿਕਟਕੀਪਰ ਦੇ ਸਥਾਨ 'ਤੇ ਪੰਤ ਨੂੰ ਪਛਾੜ ਦਿੱਤਾ ਹੈ। ਵਿਸ਼ਵ ਕੱਪ ਇੰਗਲੈਂਡ 'ਚ 30 ਮਈ ਤੋਂ ਸ਼ੁਰੂ ਹੋ ਰਿਹਾ ਹੈ। ਗਾਵਸਕਰ ਨੇ ਕਿਹਾ ਕਿ ਇਹ ਕਦਮ ਹੈਰਾਨੀ ਵਾਲਾ ਹੈ ਪਰ ਉਨ੍ਹਾਂ ਨੇ ਬਿਹਤਰ ਵਿਕਟਕੀਪਿੰਗ ਦੇ ਤੌਰ 'ਤੇ ਕਾਰਤਿਕ ਦਾ ਸਮਰਥਨ ਕੀਤਾ।

ਗਾਵਸਕਰ ਨੇ ਕਿਹਾ, ''ਪੰਤ ਦੀ ਫਾਰਮ ਨੂੰ ਦੇਖਦੇ ਹੋਏ ਇਹ ਥੋੜ੍ਹਾ ਹੈਰਾਨੀ ਭਰਿਆ ਹੈ। ਉਹ ਆਈ.ਪੀ.ਐੱਲ. 'ਚ ਹੀ ਨਹੀਂ ਸਗੋਂ ਇਸ ਤੋਂ ਪਹਿਲਾਂ ਵੀ ਕਾਫੀ ਚੰਗੀ ਬੱਲੇਬਾਜ਼ੀ ਕਰ ਰਿਹਾ ਸੀ। ਉਹ ਵਿਕਟਕੀਪਿੰਗ 'ਚ ਵੀ ਕਾਫੀ ਸੁਧਾਰ ਦਿਖਾ ਰਿਹਾ ਸੀ। ਉਹ ਚੋਟੀ ਦੇ 6 'ਚ ਖੱਬੇ ਹੱਥ ਦਾ ਬੱਲੇਬਾਜ਼ੀ ਬਦਲ ਮੁਹੱਈਆ ਕਰਾਉਂਦਾ ਤਾਂ ਗੇਂਦਬਾਜ਼ਾਂ ਖਿਲਾਫ ਕਾਫੀ ਚੰਗਾ ਹੁੰਦਾ।'' ਉਨ੍ਹਾਂ ਕਿਹਾ, ''ਗੇਂਦਬਾਜ਼ਾਂ ਨੂੰ ਖੱਬੇ ਹੱਥ ਦੇ ਬੱਲੇਬਾਜ਼ਾਂ ਲਈ ਆਪਣੀ ਲਾਈਨ ਐਂਡ ਲੈਂਥ 'ਚ ਬਦਲਾਅ ਕਰਨਾ ਪੈਂਦਾ ਹੈ ਅਤੇ ਕਪਤਾਨ ਨੂੰ ਮੈਦਾਨ 'ਚ ਕਾਫੀ ਇੰਤਜ਼ਾਮ ਕਰਨੇ ਹੁੰਦੇ ਹਨ।''

ਪੰਤ ਨੇ ਇਸ ਮੌਜੂਦਾ ਆਈ.ਪੀ.ਐੱਲ. 'ਚ ਅਜੇ ਤਕ 245 ਦੌੜਾਂ ਅਤੇ ਕਾਰਤਿਕ ਨੇ 111 ਦੌੜਾਂ ਬਣਾਈਆਂ ਹਨ। ਗਾਵਸਕਰ ਨੇ ਹਾਲਾਂਕਿ ਇਸ ਕਦਮ ਦੇ ਫਾਇਦੇ ਵੀ ਦਸਦੇ ਹੋਏ ਕਿਹਾ, ''ਕਿਸੇ ਦਿਨ ਸਵੇਰੇ ਜੇਕਰ ਮਹਿੰਦਰ ਸਿੰਘ ਧੋਨੀ ਨੂੰ ਫਲੂ ਹੁੰਦਾ ਹੈ ਅਤੇ ਉਹ ਖੇਡ ਨਹੀਂ ਪਾਉਂਦਾ ਤਾਂ ਤੁਸੀਂ ਅਜਿਹਾ ਖਿਡਾਰੀ ਚਾਹੋਗੇ ਜੋ ਬਿਹਤਰ ਵਿਕਟਕੀਪਰ ਹੋਵੇ। ਮੈਨੂੰ ਲਗਦਾ ਹੈ ਕਿ ਕਾਰਤਿਕ ਨੂੰ ਕਿਸੇ ਹੋਰ ਖਿਡਾਰੀ ਤੋਂ ਜ਼ਿਆਦਾ ਵਿਕਟਕੀਪਿੰਗ ਕੌਸ਼ਲ ਕਰਕੇ ਹੀ ਟੀਮ 'ਚ ਜਗ੍ਹਾ ਮਿਲੀ।''

Tarsem Singh

This news is Content Editor Tarsem Singh