ਰਿੰਕੂ, ਜਯੰਤੀ ਤੇ ਅਮਿਤ ਨੇ ਸਵਿਟਜ਼ਰਲੈਂਡ ''ਚ ਲਹਿਰਾਇਆ ਤਿਰੰਗਾ

08/09/2017 4:52:22 AM

ਨਾਟਵਿਲ— ਭਾਰਤ ਦੇ 18 ਸਾਲਾ ਰਿੰਕੂ ਹੁੱਡਾ ਨੇ ਸਵਿਟਜ਼ਰਲੈਂਡ ਵਿਚ ਚੱਲ ਰਹੀ ਆਈ. ਪੀ. ਸੀ. ਵਿਸ਼ਵ ਪੈਰਾ-ਐਥਲੈਟਿਕਸ ਚੈਂਪੀਅਨਸ਼ਿਪ ਵਿਚ ਜੈਵਲਿਨ ਥ੍ਰੋਅ ਐੱਫ-46 ਪ੍ਰਤੀਯੋਗਿਤਾ ਵਿਚ ਦੇਸ਼ ਲਈ ਚਾਂਦੀ ਤਮਗਾ ਹਾਸਲ ਕੀਤਾ, ਜਦਕਿ ਜਯੰਤ ਬੇਹਰਾ ਤੇ ਅਮਿਤ ਕੁਮਾਰ ਨੇ ਆਪਣੀਆਂ-ਆਪਣੀਆਂ ਪ੍ਰਤੀਯੋਗਿਤਾਵਾਂ 'ਚ ਸੋਨ ਤਮਗੇ ਜਿੱਤੇ।
ਇਹ ਚੈਂਪੀਅਨਸ਼ਿਪ ਪਹਿਲੀ ਵਾਰ ਆਯੋਜਿਤ ਕੀਤੀ ਗਈ ਹੈ, ਜਿਥੇ ਦੁਨੀਆ ਦੇ ਬਿਹਤਰੀਨ ਜੂਨੀਅਰ ਪੈਰਾ-ਐਥਲੀਟ ਹਿੱਸਾ ਲੈ ਰਹੇ ਹਨ। ਰੋਹਤਕ ਦਾ ਪੈਰਾ-ਐਥਲੀਟ ਰਿੰਕੂ ਇਸ ਤੋਂ ਪਹਿਲਾਂ ਆਈ. ਪੀ. ਸੀ. ਵਿਸ਼ਵ ਪੈਰਾ-ਐਥਲੈਟਿਕਸ ਚੈਂਪੀਅਨਸ਼ਿਪ (ਸੀਨੀਅਰ) ਵਿਚ ਵੀ ਹਿੱਸਾ ਲੈ ਚੁੱਕਾ ਹੈ, ਜਿਥੇ ਉਹ ਚੌਥੇ ਸਥਾਨ 'ਤੇ ਰਿਹਾ ਸੀ। 
ਰਿੰਕੂ ਨੇ ਐੱਫ-46 ਪ੍ਰਤੀਯੋਗਿਤਾ 'ਚ 54.92 ਮੀਟਰ ਤਕ ਥ੍ਰੋਅ ਕੀਤੀ ਤੇ ਦੂਜੇ ਸਥਾਨ 'ਤੇ ਰਹਿ ਕੇ ਚਾਂਦੀ ਤਮਗਾ ਹਾਸਲ ਕੀਤਾ। ਹੋਰਨਾਂ ਪੈਰਾ-ਐਥਲੀਟਾਂ 'ਚ ਭਾਰਤੀ ਖਿਡਾਰਨ 17 ਸਾਲ ਦੀ ਓਡਿਸ਼ਾ ਦੀ ਜਯੰਤ ਬੇਹਰਾ ਨੇ 200 ਮੀਟਰ ਦੀ ਟੀ-47 ਪ੍ਰਤੀਯੋਗਿਤਾ 'ਚ 28.04 ਸੈਕੰਡ ਦਾ ਸਮਾਂ ਕੱਢਦੇ ਹੋਏ ਚਾਂਦੀ ਤਮਗਾ ਤੇ 400 ਮੀਟਰ ਦੀ ਟੀ-47 ਦੌੜ ਵਿਚ ਇਕ ਮਿੰਟ 1.37 ਸੈਕੰਡ ਦਾ ਸਮਾਂ ਲੈ ਕੇ ਸੋਨ ਤਮਗਾ ਆਪਣੇ ਨਾਂ ਕੀਤਾ।
ਪੁਰਸ਼ਾਂ 'ਚ ਅਮਿਤ ਕੁਮਾਰ ਨੇ ਵੀ ਇਸੇ ਤਰ੍ਹਾਂ ਦਾ ਪ੍ਰਦਰਸ਼ਨ ਦੁਹਰਾਉਂਦਿਆਂ ਦੋ ਤਮਗੇ ਆਪਣੇ ਨਾਂ ਕੀਤੇ। ਉਸ ਨੇ 200 ਮੀਟਰ ਦੀ ਟੀ-46 ਪ੍ਰਤੀਯੋਗਿਤਾ 'ਚ 23.23 ਸੈਕੰਡ ਦਾ ਸਮਾਂ ਲੈ ਕੇ ਸੋਨ ਤਮਗਾ ਆਪਣੇ ਨਾਂ ਕੀਤਾ, ਜਦਕਿ 400 ਮੀਟਰ ਦੀ ਟੀ-46 ਪ੍ਰਤੀਯੋਗਿਤਾ 'ਚ 51.26 ਸੈਕੰਡ ਦਾ ਸਮਾਂ ਲੈ ਕੇ ਚਾਂਦੀ ਤਮਗਾ ਆਪਣੇ ਨਾਂ ਕੀਤਾ।