ਕਬੱਡੀ ਚੈਂਪੀਅਨਸ਼ਿਪ ''ਚ 1.75 ਕਰੋੜ ਰੁਪਏ ਦੇ ਇਨਾਮ

02/07/2017 2:38:47 PM

ਚੰਡੀਗੜ੍ਹ— ਪੰਡਿਤ ਦੀਨਦਿਆਲ ਉਪਾਧਿਆਏ ਦੀ ਯਾਦ ਵਿਚ ਹਰਿਆਣਾ ਦੇ ਸੋਨੀਪਤ ਜ਼ਿਲੇ ਵਿਚ ਰਾਈ ਸਥਿਤ ਮੋਤੀ ਲਾਲ ਨਹਿਰੂ ਖੇਡ ਸਕੂਲ ''ਚ 9 ਤੋਂ 11 ਫਰਵਰੀ ਤਕ ਆਯੋਜਿਤ ਕੀਤੀ ਜਾਣ ਵਾਲੀ ਅਖਿਲ ਭਾਰਤੀ ਨੈਸ਼ਨਲ ਸਟਾਈਲ ਕਬੱਡੀ ਚੈਂਪੀਅਨਸ਼ਿਪ ''ਚ ਕੁਲ 12 ਟੀਮਾਂ ਹਿੱਸਾ ਲੈਣਗੀਆਂ ਤੇ ਇਸ ਵਿਚ 1.75 ਕਰੋੜ ਰੁਪਏ ਦੇ ਇਨਾਮ ਦਿੱਤੇ ਜਾਣਗੇ।

ਸੂਬੇ ਦੇ ਖੇਡ ਮੰਤਰੀ ਅਨਿਲ ਵਿਜ ਨੇ ਸੋਮਵਾਰ ਇਥੇ ਦੱਸਿਆ ਕਿ ਸੀਨੀਅਰ ਰਾਸ਼ਟਰੀ ਕਬੱਡੀ ਚੈਂਪੀਅਨਸ਼ਿਪ ਦੀਆਂ 8 ਸਰਵਸ੍ਰੇਸ਼ਠ ਟੀਮਾਂ ਤੇ ਪੇਸ਼ੇਵਰ ਕਬੱਡੀ ਚੈਂਪੀਅਨਸ਼ਿਪ ਦੀਆਂ ਚਾਰ ਸਰਵਸ੍ਰੇਸ਼ਠ ਟੀਮਾਂ ਹਿੱਸਾ ਲੈ ਰਹੀਆਂ ਹਨ, ਜਿਨ੍ਹਾਂ ਨੂੰ ਚਾਰ ਪੂਲਾਂ ਵਿਚ ਵੰਡਿਆ ਗਿਆ ਹੈ। ਪੂਲ-ਏ ਵਿਚ ਸੈਨਾ, ਤਾਮਿਲਨਾਡੂ, ਮਹਿੰਦਰਾ ਐਂਡ ਮਹਿੰਦਰਾ, ਪੂਲ-ਬੀ ਵਿਚ ਹਰਿਆਣਾ, ਹਿਮਾਚਲ ਪ੍ਰਦੇਸ਼, ਭਾਰਤ ਪੈਟਰੋਲੀਅਮ, ਪੂਲ-ਸੀ ਵਿਚ ਮਹਾਰਾਸ਼ਟਰ, ਰਾਜਸਥਾਨ, ਏਅਰ ਇੰਡੀਆ ਤੇ ਪੂਲ-ਡੀ ਵਿਚ ਰੇਲਵੇ, ਉੱਤਰਾਖੰਡ ਤੇ ਓ. ਐੱਨ. ਜੀ. ਸੀ. ਦੀਆਂ ਟੀਮਾਂ ਹਨ। ਵਿਜੇ ਨੇ ਦੱਸਿਆ ਕਿ ਚੈਂਪੀਅਨਸ਼ਿਪ ਵਿਚ 85 ਕਿ. ਗ੍ਰਾ. ਜਾਂ ਇਸ ਤੋਂ ਘੱਟ ਭਾਰ ਵਰਗ ਦੇ ਖਿਡਾਰੀ ਹਿੱਸਾ ਲੈ ਸਕਣਗੇ। ਚੈਂਪੀਅਨਸ਼ਿਪ ਦਾ ਆਯੋਜਨ ਭਾਰਤੀ ਐਮੇਚਿਓਰ ਕਬੱਡੀ ਮਹਾਸੰਘ ਦੇ ਨਿਯਮਾਂ ਅਨੁਸਾਰ ਤੇ ਲੀਗ ਕਮ ਨਾਕ ਆਊਟ ਆਧਾਰ ''ਤੇ ਹੋਵੇਗਾ ਤੇ ਸਾਰੇ ਮੁਕਾਬਲੇ ਮੈਟ ''ਤੇ ਕਰਾਏ ਜਾਣਗੇ।
ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਕਿਸੇ ਵੀ ਟੀਮ ਦੇ ਦੋ ਜਾਂ ਇਸ ਤੋਂ ਵੱਧ ਖਿਡਾਰੀਆਂ ਦੇ ਡੋਪਿੰਗ ਵਿਚ ਪਾਜ਼ੇਟਿਵ ਪਾਏ ਜਾਣ ''ਤੇ ਟੀਮ ਨੂੰ ਇਨਾਮੀ ਰਾਸ਼ੀ ਨਹੀਂ ਦਿੱਤੀ ਜਾਵੇਗੀ। ਚੈਂਪੀਅਨਸ਼ਿਪ ਦੇ ਸੈਮੀਫਾਈਨਲ ਮੁਕਾਬਲੇ ਤੇ ਫਾਈਨਲ ਮੈਚ 11 ਫਰਵਰੀ ਨੂੰ ਸ਼ਾਮ ਦੇ ਸਮੇਂ ਹੋਣਗੇ।