ਰਿਟਾਇਰ ਹੋ ਰਹੀ ਵੋਜਨਿਆਕੀ ਬੋਲੀ- ਮੈਂ ਸ਼ਾਂਤ ਰਹਿਣ ਦੀ ਕੋਸ਼ਿਸ਼ ਕਰ ਰਹੀ ਹਾਂ

01/19/2020 12:27:08 PM

ਨਵੀਂ ਦਿੱਲੀ : ਆਸਟਰੇਲੀਆਈ ਓਪਨ ਤੋਂ ਬਾਅਦ 29 ਸਾਲਾ ਟੈਨਿਸ ਖਿਡਾਰਨ ਕੈਰੋਲਿਨਾ ਵੋਜਨਿਆਕੀ ਸੰਨਿਆਸ ਲੈ ਰਹੀ ਹੈ। ਆਪਣੇ ਸੰਨਿਆਸ ਤੋਂ ਪਹਿਲਾਂ ਪ੍ਰੈੱਸ ਕਾਨਫਰੰਸ ਦੌਰਾਨ ਕੈਰੋਲਿਨਾ ਭਾਵੁਕ ਹੋ ਗਈ। ਇਸ ਦੌਰਾਨ ਉਸ ਨੇ ਆਪਣੇ ਦਿਲ ਦੀਆਂ ਗੱਲਾਂ ਵੀ ਸ਼ੇਅਰ ਕੀਤੀਆਂ। ਕੈਰੋਲਿਨਾ ਨੇ ਕਿਹਾ ਕਿ ਅਜੇ ਤਕ ਮੈਂ  ਇਸ ਨੂੰ (ਆਸਟਰੇਲੀਆ ਓਪਨ ਨੂੰ ) ਕਿਸੇ ਹੋਰ ਟੂਰਨਾਮੈਂਟ ਦੀ ਤਰ੍ਹਾਂ ਹੀ ਸਮਝ ਰਹੀ ਹਾਂ ਪਰ ਜ਼ਾਹਿਰ ਹੈ ਕਿ ਇਹ ਮੇਰਾ ਆਖਰੀ ਟੂਰਨਾਮੈਂਟ ਹੈ ਅਤੇ ਅਜਿਹੇ ਵਿਚ ਇਹ ਕਾਫੀ ਖਾਸ ਹੈ। ਮੈਂ ਇੱਥੇ ਹੋਣ ਦਾ ਮਜ਼ਾ ਲੈ ਰਹੀ ਹਾਂ।

ਕੈਰੋਲਿਨਾ ਨੇ ਕਿਹਾ,''ਕੀ ਮੈਂ ਇੱਥੇ ਸ਼ਾਂਤ ਰਹਿ ਸਕਦੀ ਹਾਂ, ਮੈਨੂੰ ਨਹੀਂ ਪਤਾ। ਇਹ ਇਕ ਅਜਿਹੀ ਸਥਿਤੀ ਨਹੀਂ ਹੈ, ਜਿਸ ਵਿਚ ਮੈਂ ਪਹਿਲਾਂ ਕਦੇ ਨਹੀਂ ਰਹੀ। ਇਹ ਦੱਸਣਾ ਮੁਸ਼ਕਿਲ ਹੈ ਕਿ ਮੈਂ ਕਿਹੋ ਜਿਹਾ ਮਹਿਸੂਸ ਕਰ ਰਹੀ ਹਾਂ। ਹੁਣ ਮੈਂ ਸ਼ਾਂਤ ਹਾਂ ਅਤੇ ਬਸ ਮਜ਼ਾ ਲੈ ਰਹੀ ਹਾਂ। ਇੱਥੇ ਮੇਰਾ ਪਰਿਵਾਰ ਵੀ ਹੈ, ਜਿਹੜਾ ਬਹੁਤ ਚੰਗਾ ਹੈ। ਮੈਨੂੰ ਭਰੋਸਾ ਹੈ ਕਿ ਜਦੋਂ ਟੂਰਨਾਮੈਂਟ ਦੌਰਾਨ ਮੈਂ ਆਖਰੀ ਹਿੱਟ ਮਾਰਾਂਗੀ ਤਾਂ ਮੈਂ ਭਾਵੁਕ ਹੋ ਜਾਵਾਂਗੀ। ਤਦ ਅਜਿਹੇ ਬਹੁਤ ਸਾਰੇ ਵਿਚਾਰ ਮੇਰੇ ਮਨ ਵਿਚ ਆਉਣਗੇ, ਜਿਨ੍ਹਾਂ ਦੇ ਬਾਰੇ ਵਿਚ ਮੈਂ ਲੰਬੇ ਸਮੇਂ ਤੋਂ ਸੋਚ ਰਹੀ ਸੀ।''

ਉਸ ਨੇ ਕਿਹਾ ਕਿ ਸੰਨਿਆਸ ਲੈਣ ਤੋਂ ਪਹਿਲਾਂ ਮੈਂ ਆਪਣੀ ਜਰਨੀ (ਸਫਰ) ਨੂੰ ਧਿਆਨ ਨਾਲ ਦੇਖਿਆ। ਇਸ ਤੋਂ ਬਾਅਦ ਮੈਨੂੰ ਲੱਗਾ ਕਿ ਇਹ ਸਹੀ ਸਮਾਂ ਹੈ। ਇਹ ਕਈ ਕਾਰਣਾਂ ਦੇ ਕਾਰਣ ਸਹੀ ਸਮਾਂ ਹੈ। ਮੈਂ ਖੇਡ ਨਾਲ ਪਿਆਰ ਕਰਦੀ ਹਾਂ, ਇਸੇ ਕਾਰਣ ਹੀ ਅੱਜ ਇੱਥੇ ਹਾਂ । ਮੈਨੂੰ ਉਹ ਸਭ ਕੁਝ ਪਸੰਦ ਹੈ, ਜਿਹੜਾ ਉਸ ਨੇ ਮੈਨੂੰ ਦਿੱਤਾ (ਖੇਡ ਨੇ ਦਿੱਤਾ)। ਮੈਨੂੰ ਮੁਕਾਬਲੇਬਾਜ਼ੀ ਸ਼ੁਰੂ ਤੋਂ ਹੀ ਪਸੰਦ ਰਹੀ ਹੈ ਪਰ ਹੁਣ ਮੈਂ ਆਪਣੀ ਜ਼ਿੰਦਗੀ ਵਿਚ ਇਕ ਨਵਾਂ ਅਧਿਆਏ ਸ਼ੁਰੂ ਕਰਨ ਲਈ ਤਿਆਰ ਹਾਂ। ਕੈਰੋਲਿਨਾ ਨੇ ਕਿਹਾ, ''ਈਮਾਨਦਾਰੀ ਨਾਲ ਕਹਾਂ ਤਾਂ ਮੈਨੂੰ ਰਿਟਾਇਰਮੈਂਟ ਦਾ ਕੋਈ ਪਛਤਾਵਾ ਨਹੀਂ ਹੈ ਕਿਉਂਕਿ ਮੈਂ ਆਪਣੀ ਪੂਰੀ ਜ਼ਿੰਦਗੀ ਅਤੇ ਆਪਣੇ ਪੂਰੇ ਕਰੀਅਰ ਵਿਚ ਕਾਫੀ ਮਿਹਤਨ ਕੀਤੀ ਹੈ। ਮੈਨੂੰ ਲੱਗਦਾ ਹੈ ਕਿ ਮੈਂ ਖੇਡ ਨੂੰ ਬਹੁਤ ਕੁਝ ਦਿੱਤਾ ਹੈ, ਜਿਸ 'ਤੇ ਮੈਨੂੰ ਬਹੁਤ ਮਾਣ ਹੋ ਸਕਦਾ ਹੈ।''