ਰੀਅਲ ਮੈਡ੍ਰਿਡ ਨੇ 34ਵੀਂ ਵਾਰ ਜਿੱਤਿਆ ਲਾ ਲਿਗਾ ਦਾ ਖਿਤਾਬ

07/17/2020 7:49:50 PM

ਮੈਡ੍ਰਿਡ– ਫੁੱਟਬਾਲ ਕਲੱਬ ਰੀਅਲ ਮੈਡ੍ਰਿਡ ਨੇ ਵਿਲਾਰੀਅਲ ਨੂੰ 2-1 ਨਾਲ ਹਰਾਉਂਦੇ ਹੋਏ 34ਵੀਂ ਵਾਰ ਲਾ ਲਿਗਾ ਦਾ ਖਿਤਾਬ ਆਪਣੇ ਨਾਂ ਕਰ ਲਿਆ। ਟੀਮ 3 ਸਾਲ ਬਾਅਦ ਚੈਂਪੀਅਨ ਬਣੀ ਹੈ। ਰੀਅਲ ਮੈਡ੍ਰਿਡ ਨੇ ਪਿਛਲਾ ਲਾ ਲਿਗਾ ਖਿਤਾਬ 2017 ਵਿਚ ਜਿੱਤਿਆ ਸੀ। ਉਸ ਨੇ ਬਾਰਸੀਲੋਨਾ ਨੂੰ ਲਗਾਤਾਰ ਤੀਜੀ ਵਾਰ ਖਿਤਾਬ ਜਿੱਤਣ ਤੋਂ ਰੋਕਿਆ। ਫਰਾਂਸ ਦੇ ਸਟ੍ਰਾਈਕਰ ਕਰੀਮ ਬੇਂਜੇਮਾ ਦੇ ਦੋ ਗੋਲਾਂ ਦੀ ਮਦਦ ਨਾਲ ਰੀਅਲ ਮੈਡ੍ਰਿਡ ਨੇ ਇਕ ਮੈਚ ਬਾਕੀ ਰਹਿੰਦਿਆਂ ਲਾ ਲਿਗਾ ਦਾ ਖਿਤਾਬ ਜਿੱਤ ਲਿਆ। ਬੇਂਜੇਮਾ ਨੇ ਮੈਚ ਦੇ 27ਵੇਂ ਮਿੰਟ ਵਿਚ ਪਹਿਲਾ ਗੋਲ ਕਰਕੇ ਰੀਅਲ ਮੈਡ੍ਰਿਡ ਨੂੰ ਬੜ੍ਹਤ ਦਿਵਾਈ ਤੇ ਫਿਰ 76ਵੇਂ ਮਿੰਟ ਵਿਚ ਦੂਜਾ ਗੋਲ ਕਰਕੇ ਟੀਮ ਨੂੰ ਜਿੱਤ ਦੇ ਮੁਕਾਮ 'ਤੇ ਪਹੁੰਚਾਇਆ।


ਉਥੇ ਹੀ ਇਕ ਹੋਰ ਮੁਕਾਬਲੇ ਵਿਚ ਓਸਾਸੁਨਾ ਨੇ ਬਾਰਸੀਲੋਨਾ ਨੂੰ 2-1 ਨਾਲ ਹਰਾਇਆ। ਬਾਰਸੀਲੋਨਾ ਦੀ ਇਸ ਹਾਰ ਨਾਲ ਰੀਅਲ ਮੈਡ੍ਰਿਡ ਨੇ ਬਿਨਾਂ ਅਗਲਾ ਮੈਚ ਖੇਡੇ ਹੀ ਖਿਤਾਬ 'ਤੇ ਆਪਣਾ ਕਬਜ਼ਾ ਤੈਅ ਕਰ ਲਿਆ। ਰੀਅਲ ਮੈਡ੍ਰਿਡ ਦੇ ਕੋਚ ਜਿਨੇਦਿਨ ਜਿਦਾਨ ਨੇ ਖੁਸ਼ੀ ਜ਼ਾਹਿਰ ਕਰਦੇ ਹੋਏ ਇਸ ਨੂੰ ਕੋਚ ਦੇ ਰੂਪ ਵਿਚ ਆਪਣੇ ਸਰਵਸ੍ਰੇਸ਼ਠ ਦਿਨਾਂ ਵਿਚੋਂ ਇਕ ਦੱਸਿਆ। ਕੋਰੋਨਾ ਵਾਇਰਸ ਦੇ ਕਾਰਣ ਲੀਗ 3 ਮਹੀਨਿਆਂ ਤਕ ਠੱਪ ਰਹੀ ਸੀ ਤੇ ਇਸਦੀ ਵਾਪਸੀ ਤੋਂ ਬਾਅਦ ਰੀਅਲ ਮੈਡ੍ਰਿਡ ਇਕਲੌਤੀ ਟੀਮ ਹੈ, ਜਿਸ ਨੇ ਆਪਣੇ ਸਾਰੇ ਮੈਚ ਜਿੱਤੇ। ਇਹ ਮੈਡ੍ਰਿਡ ਦੀ ਲੀਗ ਵਿਚ ਲਗਾਤਾਰ 10ਵੀਂ ਜਿੱਤ ਵੀ ਹੈ। ਕ੍ਰਿਸਟੀਆਨੋ ਰੋਨਾਲਡੋ ਦੇ ਦੋ ਸੈਸ਼ਨ ਪਹਿਲਾਂ ਯੁਵਟੈਂਸ ਨਾਲ ਜੁੜਨ ਤੋਂ ਬਾਅਦ ਇਹ ਰੀਅਲ ਮੈਡ੍ਰਿਡ ਦਾ ਪਹਿਲਾ ਲੀਗ ਖਿਤਾਬ ਵੀ ਹੈ। ਇਸ ਜਿੱਤ ਨਾਲ ਉਸਦੇ 86 ਅੰਕ ਹੋ ਗਏ ਹਨ ਜਦਕਿ ਬਾਰਸੀਲੋਨਾ ਦੇ 79 ਅੰਕ ਹਨ। ਬਾਰਸੀਲੋਨਾ ਨੂੰ ਖਿਤਾਬ ਦੀਆਂ ਉਮੀਦਾਂ ਨੂੰ ਬਣਾਈ ਰੱਖਣ ਲਈ ਜਿੱਤ ਦਰਜ ਕਰਨ ਤੇ ਰੀਅਲ ਮੈਡ੍ਰਿਡ ਦੀ ਹਾਰ ਲਈ ਦੁਆ ਕਰਨ ਦੀ ਲੋੜ ਸੀ ਪਰ ਅਜਿਹਾ ਨਹੀਂ ਹੋਇਆ।

Gurdeep Singh

This news is Content Editor Gurdeep Singh