KKR ਲਈ ਕੋਈ ਵੀ ਭੂਮਿਕਾ ਨਿਭਾਉਣ ਨੂੰ ਤਿਆਰ ਹਾਂ : ਸ਼ਾਕਿਬ

04/02/2021 3:37:22 AM

ਕੋਲਕਾਤਾ– ਇਕ ਸਾਲ ਦੀ ਪਾਬੰਦੀ ਝੱਲਣ ਤੋਂ ਬਾਅਦ ਵਾਪਸੀ ਕਰ ਰਿਹਾ ਬੰਗਲਾਦੇਸ਼ ਦਾ ਸਟਾਰ ਆਲਰਾਊਂਡਰ ਸ਼ਾਕਿਬ ਅਲ ਹਸਨ ਆਪਣੀ ਆਈ. ਪੀ. ਐੱਲ. ਫ੍ਰੈਂਚਾਈਜ਼ੀ ਕੋਲਕਾਤਾ ਨਾਈਟ ਰਾਈਡਰਜ਼ (ਕੇ. ਕੇ.ਆਰ.) ਲਈ 9 ਅਪ੍ਰੈਲ ਤੋਂ ਸ਼ੁਰੂ ਹੋ ਰਹੇ ਆਗਾਮੀ ਸੈਸ਼ਨ ਵਿਚ ਕੋਈ ਵੀ ਭੂਮਿਕਾ ਨਿਭਾਉਣ ਨੂੰ ਤਿਆਰ ਹੈ। ਸਾਲ 2012 ਤੇ 2014 ਵਿਚ ਖਿਤਾਬ ਜਿੱਤਣ ਵਾਲੀ ਕੇ. ਕੇ. ਆਰ. ਦੀ ਟੀਮ ਦਾ ਹਿੱਸਾ ਰਹੇ ਸ਼ਾਕਿਬ ਨੇ 2019 ਵਿਚ ਸਨਰਾਈਜ਼ਰਜ਼ ਹੈਦਰਾਬਾਦ ਵਲੋਂ ਸਿਰਫ ਤਿੰਨ ਮੈਚ ਖੇਡੇ ਸਨ, ਜਿਸ ਤੋਂ ਬਾਅਦ ਪਾਬੰਦੀ ਦੇ ਕਾਰਨ ਉਹ ਬਾਹਰ ਹੋ ਗਿਆ ਸੀ। ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਦੇ ਖੇਡ ਜ਼ਾਬਤੇ ਦੇ ਤਿੰਨ ਨਿਯਮਾਂ ਦੀ ਉਲੰਘਣਾ ਦੀ ਗੱਲ ਸਵੀਕਾਰ ਕਰਨ ਲਈ ਬੰਗਲਾਦੇਸ਼ ਦੇ ਇਸ ਆਲਰਾਊਂਡਰ ਨੂੰ ਆਈ. ਸੀ. ਸੀ. ਨੇ ਦੋ ਸਾਲ ਲਈ ਪਾਬੰਦੀਸ਼ੁਦਾ ਕੀਤਾ ਸੀ, ਜਿਸ ਵਿਚ ਇਕ ਸਾਲ ਦੀ ਸਜ਼ਾ ਮੁਲਤਵੀ ਸੀ। ਕੇ. ਕੇ. ਆਰ. ਦੇ ਨਾਲ ਦੂਜੀ ਪਾਰੀ ਸ਼ੁਰੂ ਕਰ ਰਿਹਾ ਸ਼ਾਕਿਬ ਸੁਨੀਲ ਨਾਰਾਇਣ ਦੀ ਤਰ੍ਹਾਂ ਪਾਰੀ ਦਾ ਆਗਾਜ਼ ਕਰਨ ਜਾਂ ਫਿਨਿਸ਼ਰ ਦੀ ਭੂਮਿਕਾ ਨਿਭਾਉਣ ਲਈ ਵੀ ਤਿਆਰ ਹੈ। ਇਸ ਤੋਂ ਇਲਾਵਾ ਉਹ ਖੱਬੇ ਹੱਥ ਨਾਲ ਪ੍ਰਭਾਵਸ਼ਾਲੀ ਸਪਿਨ ਗੇਂਦਬਾਜ਼ੀ ਵੀ ਕਰ ਸਕਦਾ ਹੈ। ਕੇ. ਕੇ. ਆਰ. ਨੇ ਸ਼ਾਕਿਬ ਨੂੰ 3 ਕਰੋੜ 20 ਲੱਖ ਰੁਪਏ ਵਿਚ ਖਰੀਦਿਆ। ਸ਼ਾਕਿਬ ਨੇ ਅੱਜ ਕਿਹਾ,‘‘ਇਮਾਨਦਾਰੀ ਨਾਲ ਕਹਾਂ ਤਾਂ ਮੈਂ ਕਿਸੇ ਵੀ ਤਰ੍ਹਾਂ ਦੀ ਭੂਮਿਕਾ ਨਿਭਉਣ ਲਈ ਤਿਆਰ ਹਾਂ।’’

ਇਹ ਖਬਰ ਪੜ੍ਹੋ- NZ v BAN : ਤੀਜਾ ਟੀ20 ਜਿੱਤ ਕੇ ਨਿਊਜ਼ੀਲੈਂਡ ਨੇ ਕੀਤਾ 3-0 ਨਾਲ ਕਲੀਨ ਸਵੀਪ


ਪਿਛਲੇ ਸਾਲ ਅਕਤੂਬਰ ਵਿਚ ਸ਼ਾਕਿਬ ਦੀ ਪਾਬੰਦੀ ਖਤਮ ਹੋਈ ਸੀ। ਉਸ ਨੇ ਕਿਹਾ, ‘‘ਮੈਂ ਆਤਮਵਿਸ਼ਵਾਸ ਨਾਲ ਭਰਿਆ ਹੋਇਆ ਹਾਂ। ਲੈਅ ਵਿਚ ਆਉਣ ਲਈ ਮੈਨੂੰ ਸਿਰਫ ਇਕ ਚੰਗੇ ਮੁਕਾਬਲੇ ਦੀ ਲੋੜ ਹੈ। ਜੇਕਰ ਮੈਂ ਚੰਗੀ ਸ਼ੁਰੂਆਤ ਕਰ ਸਕਿਆ ਤਾਂ ਮੈਨੂੰ ਲੱਗਦਾ ਹੈ ਕਿ ਮੈਂ ਟੀਮ ਲਈ ਚੰਗਾ ਪ੍ਰਦਰਸ਼ਨ ਕਰ ਸਕਦਾ ਹਾਂ।’’

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
 

Gurdeep Singh

This news is Content Editor Gurdeep Singh