ਰਾਸ਼ਿਦ ਵਿਰੁੱਧ ਖੇਡਣ ਲਈ ਤਿਆਰ ਹਾਂ : ਕੋਹਲੀ

05/23/2019 11:46:49 PM

ਨਵੀਂ ਦਿੱਲੀ - ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਅਫ਼ਗਾਨਿਸਤਾਨ ਦੇ ਸਪਿਨਰ ਰਾਸ਼ਿਦ ਖ਼ਾਨ ਦੀ ਤਾਰੀਫ਼ ਕਰਦੇ ਹੋਏ ਕਿਹਾ ਕਿ ਉਹ ਸ਼ਾਨਦਾਰ ਗੇਂਦਬਾਜ਼ ਹਨ, ਜਿਨ੍ਹਾਂ ਨੂੰ ਖੇਡਣਾ ਸੌਖਾ ਨਹੀਂ ਹੈ। ਕੋਹਲੀ ਨੇ ਕਿਹਾ ਕਿ ਉਹ ਹਾਲਾਂਕਿ ਇਸ ਸਪਿਨਰ ਖ਼ਿਲਾਫ਼ ਖੇਡਣ ਨੂੰ ਤਿਆਰ ਹਨ। ਕੋਹਲੀ ਨੇ ਇਹ ਗੱਲ ਇਕ ਫੇਸਬੁੱਕ ਲਾਈਵ ਪ੍ਰਰੋਗਰਾਮ 'ਚ ਕਹੀ, ਜਿੱਥੇ ਉਨ੍ਹਾਂ ਨਾਲ ਵਿਸ਼ਵ ਕੱਪ 'ਚ ਹਿੱਸਾ ਲੈ ਰਹੀਆਂ ਹੋਰਨਾਂ ਟੀਮਾਂ ਦੇ ਕਪਤਾਨ ਵੀ ਮੌਜੂਦ ਸਨ।
ਕੋਹਲੀ ਨੇ ਰਾਸ਼ਿਦ ਬਾਰੇ ਪੁੱਛੇ ਗਏ ਸਵਾਲ 'ਤੇ ਕਿਹਾ ਕਿ ਤਿੰਨ ਸਾਲ ਹੋ ਗਏ ਹਨ, ਮੈਂ ਕੌਮਾਂਤਰੀ ਪੱਧਰ 'ਤੇ ਉਨ੍ਹਾਂ ਨੂੰ ਨਹੀਂ ਖੇਡਿਆ ਹੈ। ਮੈਂ ਉਨ੍ਹਾਂ ਖ਼ਿਲਾਫ਼ ਖੇਡਣਾ ਚਾਹੁੰਦਾ ਹਾਂ। ਉਹ ਬਿਹਤਰੀਨ ਗੇਂਦਬਾਜ਼ ਹਨ। ਉਨ੍ਹਾਂ ਦੀ ਤਾਕਤ ਉਨ੍ਹਾਂ ਦੀ ਤੇਜ਼ੀ ਹੈ। ਬੱਲੇਬਾਜ਼ ਜਦੋਂ ਤਕ ਸੋਚਦਾ ਹੈ, ਉਦੋਂ ਤਕ ਗੇਂਦ ਬੱਲੇ 'ਤੇ ਆ ਜਾਂਦੀ ਹੈ। ਨਾਲ ਹੀ ਉਨ੍ਹਾਂ ਦਾ ਸਟਾਈਲ ਵੀ ਸ਼ਾਨਦਾਰ ਹੈ। ਉਨ੍ਹਾਂ ਨੂੰ ਫੜ ਪਾਉਣਾ ਵੀ ਸ਼ਾਨਦਾਰ ਹੈ। ਕੋਹਲੀ ਨੇ ਕਿਹਾ ਕਿ ਰਾਸ਼ਿਦ ਦੀਆਂ ਗੇਂਦਾਂ 'ਚ ਤੇਜ਼ ਗੇਂਦਬਾਜ਼ਾਂ ਵਰਗੀ ਕਲਾ ਹੈ ਤੇ ਇਹੀ ਉਨ੍ਹਾਂ ਨੂੰ ਖ਼ਤਰਨਾਕ ਬਣਾਉਂਦੀ ਹੈ। ਭਾਰਤੀ ਕਪਤਾਨ ਨੇ ਕਿਹਾ ਕਿ ਉਹ ਤੇਜ਼ ਗੇਂਦਬਾਜ਼ ਵਾਂਗ ਲੱਗਦੇ ਹਨ। ਮੈਂ ਇਸ ਵਿਸ਼ਵ ਕੱਪ 'ਚ ਉਨ੍ਹਾਂ ਨੂੰ ਖੇਡਣ ਲਈ ਤਿਆਰ ਹਾਂ। ਕੋਹਲੀ ਨੇ ਕਿਹਾ ਕਿ ਉਹ ਵਿਸ਼ਵ ਕੱਪ 'ਚ ਟੀਮ ਦੇ ਕਪਤਾਨ ਬਣ ਕੇ ਕਾਫੀ ਸਨਮਾਨਿਤ ਮਹਿਸੂਸ ਕਰ ਰਹੇ ਹਨ। ਕੋਹਲੀ ਮੁਤਾਬਕ ਮੇਰੇ ਲਈ ਵਿਸ਼ਵ ਕੱਪ 'ਚ ਭਾਰਤੀ ਟੀਮ ਦੀ ਕਪਤਾਨੀ ਕਰਨਾ ਸਨਮਾਨ ਵਾਲੀ ਗੱਲ ਹੈ। ਸਾਰੀਆਂ ਟੀਮਾਂ ਪਹਿਲਾ ਮੈਚ ਖੇਡਣ ਲਈ ਉਤਸ਼ਾਹਿਤ ਹਨ। ਉਸ ਮਗਰੋਂ ਪਤਾ ਚੱਲੇਗਾ ਕਿ ਸਾਨੂੰ ਟੂਰਨਾਮੈਂਟ 'ਚ ਅੱਗੇ ਕਿਵੇਂ ਜਾਣਾ ਹੈ ਤੇ ਕਿਵੇਂ ਕੰਮ ਕਰਨਾ ਹੈ। ਭਾਰਤੀ ਟੀਮ ਬੁੱਧਵਾਰ ਨੂੰ ਤੀਜੇ ਵਿਸ਼ਵ ਕੱਪ ਖ਼ਿਤਾਬ ਦੀਆਂ ਉਮੀਦਾਂ ਨਾਲ ਲੰਡਨ ਪੁੱਜੀ। ਭਾਰਤ ਨੂੰ ਵਿਸ਼ਵ ਕੱਪ 'ਚ ਆਪਣਾ ਪਹਿਲਾ ਮੁਕਾਬਲਾ ਪੰਜ ਜੂਨ ਨੂੰ ਦੱਖਣੀ ਅਫ਼ਰੀਕਾ ਖ਼ਿਲਾਫ਼ ਖੇਡਣਾ ਹੈ। ਉਸ ਤੋਂ ਪਹਿਲਾ ਭਾਰਤੀ ਟੀਮ ਨੂੰ ਦੋ ਅਭਿਆਸ ਮੈਚ ਵੀ ਖੇਡਣੇ ਹਨ।

Gurdeep Singh

This news is Content Editor Gurdeep Singh