ਭਵਿੱਖ ''ਚ ਚੰਗੇ ਲੀਡਰ ਬਣ ਸਕਦੇ ਹਨ ਰਵਿੰਦਰ ਜਡੇਜਾ : ਮੋਈਨ ਅਲੀ

06/29/2022 3:59:44 PM

ਸਪੋਰਟਸ ਡੈਸਕ- ਚੇਨਈ ਸੁਪਰਕਿੰਗਜ਼ (ਸੀ. ਐੱਸ. ਕੇ.) ਲਈ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 2022 ਚੰਗਾ ਨਹੀਂ ਰਿਹਾ ਤੇ ਟੀਮ ਦੇ ਆਲਰਾਊਂਡਰ ਰਵਿੰਦਰ ਜਡੇਜਾ ਲਈ ਤਾਂ ਇਹ ਇਕ ਬੁਰੇ ਸੁਫ਼ਨੇ ਦੀ ਤਰ੍ਹਾਂ ਸੀ। ਜਡੇਜਾ ਨੂੰ ਆਈ. ਪੀ. ਐੱਲ. 2022 ਦੀ ਸ਼ੁਰੂਆਤ 'ਚ ਮਹਿੰਦਰ ਸਿੰਘ ਧੋਨੀ ਤੋਂ ਕਪਤਾਨੀ ਮਿਲੀ ਸੀ ਪਰ ਉਨ੍ਹਾਂ ਨੇ 7 ਮੈਚ ਹਾਰਨ ਦੇ ਬਾਅਦ ਧੋਨੀ ਨੂੰ ਕਪਤਾਨੀ ਸੌਂਪ ਦਿੱਤੀ। ਕਪਤਾਨੀ ਦੇ ਦਬਾਅ ਕਾਰਨ ਉਨ੍ਹਾਂ ਦੇ ਪ੍ਰਦਰਸ਼ਨ 'ਤੇ ਵੀ ਅਸਰ ਦੇਖਣ ਨੂੰ ਮਿਲਿਆ। ਹਾਲਾਂਕਿ ਇਸ ਦੇ ਬਾਵਜੂਦ ਮੋਈਨ ਅਲੀ ਨੂੰ ਜਡੇਜਾ 'ਤੇ ਭਰੋਸਾ ਹੈ ਤੇ ਉਨ੍ਹਾਂ ਦਾ ਮੰਨਣਾ ਹੈ ਕਿ ਜਡੇਜਾ ਭਵਿੱਖ 'ਚ ਇਕ ਚੰਗੇ ਲੀਡਰ ਬਣ ਸਕਦੇ ਹਨ।

ਇਹ ਵੀ ਪੜ੍ਹੋ : ਹਾਕੀ ਖਿਡਾਰੀ ਬਰਿੰਦਰ ਲਾਕੜਾ ਮੁਸੀਬਤ 'ਚ ਫਸੇ, ਦੋਸਤ ਦੇ ਪਿਤਾ ਨੇ ਲਾਏ ਗੰਭੀਰ ਇਲਜ਼ਾਮ

ਮੋਈਨ ਅਲੀ ਨੇ ਕਿਹਾ, ਉਹ (ਜਡੇਜਾ) ਕਪਤਾਨੀ ਦੇ ਮਾਮਲੇ 'ਚ ਗ਼ੈਰ ਤਜਰਬੇਕਾਰ ਹਨ ਤੇ ਸੀ. ਐੱਸ. ਕੇ. ਦੀ ਅਗਵਾਈ ਕਰਨਾ ਇਸ ਸਾਲ ਉਸ ਲਈ ਮੁਸ਼ਕਲ ਸੀ ਕਿਉਂਕਿ ਅਸੀਂ ਇਕ ਟੀਮ ਦੇ ਤੌਰ 'ਤੇ ਚੰਗਾ ਨਹੀਂ ਖੇਡ ਰਹੇ ਸੀ ਪਰ ਉਸ ਕੋਲ ਚੰਗਾ ਦਿਮਾਗ਼ ਹੈ ਤੇ ਉਹ ਸੰਭਾਵਿਤ ਤੌਰ 'ਤੇ ਭਵਿੱਖ 'ਚ ਇਕ ਚੰਗਾ ਕਪਤਾਨ ਹੋ ਸਕਦਾ ਹੈ। ਮੋਈਨ ਅਲੀ ਨੇ ਐੱਮ. ਐੱਸ. ਧੋਨੀ ਤੇ ਰਵਿੰਦਰ ਜਡੇਜਾ ਦੇ ਕਪਤਾਨ ਦੇ ਤੌਰ 'ਤੇ ਸਮਾਨਤਾਵਾਂ ਬਾਰੇ ਦੱਸਿਆ। ਉਨ੍ਹਾਂ ਕਿਹਾ, ਮੈਂ ਉਨ੍ਹਾਂ ਦੇ ਅਧੀਨ ਖੇਡਿਆ ਹਾਂ। ਮੈਂ ਐੱਮ. ਐੱਸ. ਧੋਨੀ ਦੀ ਅਗਵਾਈ ਵੀ ਦੇਖੀ ਹੈ। ਵਿਸ਼ੇਸ਼ਤਾਵਾਂ ਦੇ ਮਾਮਲੇ 'ਚ ਦੋਵਾਂ ਦਰਮਿਆਨ ਬਹੁਤ ਜ਼ਿਆਦਾ ਫ਼ਰਕ ਨਹੀਂ ਹੈ- ਉਹ ਬਹੁਤ ਸ਼ਾਂਤ, ਆਪਣੇ ਖਿਡਾਰੀਆਂ ਦੇ ਪ੍ਰਤੀ ਬਹੁਤ ਵਫ਼ਾਦਾਰ। ਸ਼ਾਨਦਾਰ ਕਪਤਾਨ, ਸ਼ਾਨਦਾਰ ਖਿਡਾਰੀ ਹਨ।

ਇਹ ਵੀ ਪੜ੍ਹੋ : ਇੰਗਲੈਂਡ ਨੂੰ WC ਦਿਵਾਉਣ ਵਾਲੇ ਕਪਤਾਨ ਇਓਨ ਮੋਰਗਨ ਨੇ ਲਿਆ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ

ਇੰਗਲੈਂਡ ਦੇ ਕਪਤਾਨ ਇਓਨ ਮੋਰਗਨ ਦੇ ਸੰਨਿਆਸ ਦੇ ਪ੍ਰਭਾਵ ਦੇ ਬਾਰੇ 'ਚ ਪੁੱਛੇ ਜਾਣ 'ਤੇ ਮੋਈਨ ਨੇ ਆਪਣੇ ਵਿਸ਼ਵ ਕੱਪ ਜੇਤੂ ਕਪਤਾਨ ਦੀ ਬਹੁਤ ਸ਼ਲਾਘਾ ਕੀਤੀ ਤੇ ਕਿਹਾ ਕਿ ਬੇਨ ਸਟੋਕਸ ਦੇ ਤਹਿਤ ਇਸ ਸਮੇਂ ਇੰਗਲੈਂਡ ਜਿਸ ਬੇਖ਼ੌਫ਼ ਰਵੱਈਏ ਨਾਲ ਖੇਡ ਰਿਹਾ ਹੈ, ਉਸ ਦੀ ਸ਼ੁਰੂਆਤ ਮੋਰਗਨ ਨੇ ਸਫ਼ੈਦ ਗੇਂਦ ਦੇ ਫਾਰਮੈਟ 'ਚ ਕੀਤੀ ਸੀ। ਉਨ੍ਹਾਂ ਕਿਹਾ, ਅਸੀਂ ਉਸ ਤੋਂ ਪਹਿਲਾਂ (2015 ਵਰਲਡ ਕੱਪ) ਸਫ਼ੈਦ ਗੇਂਦ ਕ੍ਰਿਕਟ 'ਚ ਬਹੁਤ ਖ਼ਰਾਬ ਸਥਿਤੀ 'ਚ ਸੀ। ਉਨ੍ਹਾਂ ਨੇ ਖਿਡਾਰੀਆਂ ਦੀ ਸੋਚ ਬਦਲੀ। ਦਰਅਸਲ ਇੰਗਲੈਂਡ ਹੁਣ ਟੈਸਟ ਕ੍ਰਿਕਟ 'ਚ ਜਿਸ ਤਰ੍ਹਾਂ ਨਾਲ ਖੇਡ ਰਿਹਾ ਹੈ, ਉਹ ਅਸਲ 'ਚ ਉਨ੍ਹਾਂ ਦੀ ਵਜ੍ਹਾ ਨਾਲ ਹੈ। ਉਨ੍ਹਾਂ ਨੇ ਦਿਖਾਇਆ ਹੈ ਕਿ ਜੇਕਰ ਤੁਹਾਡੇ ਕੋਲ ਮਾਨਸਿਕਤਾ ਹੈ ਤਾਂ ਤੁਸੀਂ ਬੇਖ਼ੌਫ਼ ਕ੍ਰਿਕਟ ਖੇਡ ਸਕਦੇ ਹੋ, ਜੋ ਅਸੀਂ ਅਜੇ ਖੇਡ ਰਹੇ ਹਾਂ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
 

Tarsem Singh

This news is Content Editor Tarsem Singh