ਰਣਜੀ ਟਰਾਫੀ : ਹਰਭਜਨ ਸਿੰਘ ਨੂੰ ਪੰਜਾਬ ਦੀ ਕਮਾਨ

10/01/2017 2:04:00 PM

ਚੰਡੀਗੜ੍ਹ, (ਬਿਊਰੋ)— ਪੰਜਾਬ ਦੀ ਕ੍ਰਿਕਟ ਟੀਮ ਰਣਜੀ ਦੀ ਸ਼ੁਰੂਆਤ ਧਰਮਸ਼ਾਲਾ 'ਚ 6 ਅਕਤੂਬਰ ਤੋਂ ਕਰੇਗੀ। ਗਰੁੱਪ ਡੀ 'ਚ ਸ਼ਾਮਲ ਪੰਜਾਬ ਦਾ ਪਹਿਲਾ ਮੈਚ ਹਿਮਾਚਲ ਪ੍ਰਦੇਸ਼ ਨਾਲ ਹੋਵੇਗਾ। ਟੀਮ ਦੀ ਕਮਾਨ ਹਰਭਜਨ ਸਿੰਘ ਨੂੰ ਸੌਂਪੀ ਗਈ ਹੈ ਜਦਕਿ ਯੁਵਰਾਜ ਸਿੰਘ ਨੂੰ ਉਪ ਕਪਤਾਨ ਬਣਾਇਆ ਗਿਆ ਹੈ।

ਪੰਜਾਬ ਕ੍ਰਿਕਟ ਐਸੋਸੀਏਸ਼ਨ ਨੇ ਰਣਜੀ ਸੀਜ਼ਨ ਦੇ ਲਈ ਸ਼ਨੀਵਾਰ ਨੂੰ ਟੀਮ ਦਾ ਐਲਾਨ ਕਰ ਦਿੱਤਾ ਹੈ। ਪੰਜਾਬ ਸੀਨੀਅਰ ਟੀਮ ਸਲੈਕਸ਼ਨ ਕਮੇਟੀ ਦੀ ਬੈਠਕ ਬਿੰਦਰਾ ਪੀ.ਸੀ.ਏ. ਮੋਹਾਲੀ 'ਚ ਹੋਈ। ਚੋਣ ਕਮੇਟੀ ਨੇ ਹਰਭਜਨ ਸਿੰਘ ਨੂੰ ਕਪਤਾਨ ਅਤੇ ਯੁਵਰਾਜ ਸਿੰਘ ਨੂੰ ਉਪ ਕਪਤਾਨ ਨਿਯੁਕਤ ਕੀਤਾ ਹੈ। ਹਾਲਾਂਕਿ ਧਰਮਸ਼ਾਲਾ 'ਚ ਹਿਮਾਚਲ ਪ੍ਰਦੇਸ਼ ਦੇ ਖਿਲਾਫ ਪਹਿਲੇ ਮੈਚ 'ਚ ਹਰਭਜਨ ਅਤੇ ਯੁਵੀ ਨਹੀਂ ਖੇਡਣਗੇ। ਦੋਵੇਂ ਖਿਡਾਰੀ ਬੈਂਗਲੁਰੂ 'ਚ ਫਿੱਟਨੈਸ ਟੈਸਟ ਦੇਣ ਜਾਣਗੇ।

ਹਿਮਾਚਲ ਪ੍ਰਦੇਸ਼ ਦੇ ਖਿਲਾਫ ਪਹਿਲੇ ਮੈਚ 'ਚ ਜੀਵਨਜੋਤ ਸਿੰਘ ਟੀਮ ਦੇ ਕਪਤਾਨ ਹੋਣਗੇ। ਪੰਜਾਬ ਆਪਣਾ ਦੂਜਾ ਮੈਚ ਆਪਣੀ ਹੋਮ ਗਰਾਊਂਡ ਪੀ.ਸੀ.ਏ. ਸਟੇਡੀਅਮ ਮੋਹਾਲੀ 'ਚ ਖੇਡੇਗਾ। ਇਸ 'ਚ ਹਰਭਜਨ ਸਿੰਘ ਅਤੇ ਯੁਵਰਾਜ ਸਿੰਘ ਵੀ ਸ਼ਾਮਲ ਹੋਣਗੇ। ਇਨ੍ਹਾਂ ਖਿਡਾਰੀਆਂ ਤੋਂ ਇਲਾਵਾ 14 ਮੈਂਬਰੀ ਟੀਮ 'ਚ ਪਰਗਟ ਸਿੰਘ, ਸ਼ੁੱਭਮਨ ਗਿੱਲ, ਉਦੈ ਕੌਲ, ਗੁਰਕੀਰਤ ਸਿੰਘ, ਤਰੁਵਰ ਕੋਹਲੀ, ਮਯੰਕ ਸਦਾਨਾ, ਅਭਿਸ਼ੇਕ ਗੁਪਤਾ (ਵਿਕਟ ਕੀਪਰ), ਸਿਧਾਰਥ ਕੌਲ, ਬਰਿੰਦਰ ਸਰਾਂ, ਸੰਦੀਪ ਸ਼ਰਮਾ, ਸ਼ੁਭੇਕ ਅਤੇ ਰਘੂ ਸ਼ਿਵਮ ਸ਼ਰਮਾ ਸ਼ਾਮਲ ਹਨ। ਟੀਮ ਦੇ ਮੁੱਖ ਕੋਚ ਅਜੇ ਰਾਤਰਾ ਹੋਣਗੇ।