ਰਣਜੀ ਟਰਾਫੀ : ਪੰਜਾਬ ਖਿਲਾਫ ਚੰਗੀ ਸ਼ੁਰੂਆਤ ਤੋਂ ਬਾਅਦ ਹੈਦਰਾਬਾਦ ਦੀ ਪਾਰੀ ਲੜਖੜਾਈ

12/23/2018 12:31:46 AM

ਹੈਦਰਾਬਾਦ— ਸਲਾਮੀ ਬੱਲੇਬਾਜ਼ ਤਨਮਯ ਅਗਰਵਾਲ (60) ਤੇ ਕਪਤਾਨ ਅਕਸ਼ਤ ਰੈੱਡੀ (77) ਨੇ ਪਹਿਲੀ ਵਿਕਟ ਲਈ 125 ਦੌੜਾਂ ਦੀ ਸਾਂਝੇਦਾਰੀ ਕਰ ਕੇ ਰਣਜੀ ਟਰਾਫੀ 2018 ਇਲੀਟ ਗਰੁੱਪ-ਬੀ ਦੇ ਮੈਚ ਦੇ ਪਹਿਲੇ ਦਿਨ ਸ਼ਨੀਵਾਰ ਹੈਦਰਾਬਾਦ ਨੂੰ ਚੰਗੀ ਸ਼ੁਰੂਆਤ ਦਿਵਾਈ ਪਰ ਮਯੰਕ ਮਾਰਕੰਡੇ ਨੇ ਆਖਰੀ ਘੰਟੇ ਦੀ ਖੇਡ 'ਚ ਤਿੰਨ ਵਿਕਟਾਂ ਲੈ ਕੇ ਪੰਜਾਬ ਦੀ ਵਾਪਸੀ ਕਰਵਾਈ। ਹੈਦਰਾਬਾਦ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਦਾ ਫੈਸਲਾ ਕੀਤਾ ਅਤੇ ਓਪਨਰਾਂ ਨੇ ਉਸ ਨੂੰ ਸ਼ਾਨਦਾਰ ਸ਼ੁਰੂਆਤ ਦਿਵਾਈ।
ਇਸ ਤੋਂ ਬਾਅਦ ਹਿਮਾਲਯ ਅਗਰਵਾਲ (30) ਅਤੇ ਬਵਾਂਕਾ ਸੰਦੀਪ (ਅਜੇਤੂ 51) ਨੇ ਵੀ ਚੌਥੀ ਵਿਕਟ ਲਈ 62 ਦੌੜਾਂ ਦੀ ਸਾਂਝੇਦਾਰੀ ਕਰ ਕੇ ਟੀਮ ਦੇ ਸਕੋਰ ਨੂੰ 200 ਤੋਂ ਪਾਰ ਪਹੁੰਚਾਇਆ। ਹੈਦਰਾਬਾਦ ਨੇ ਇਸ ਤੋਂ ਬਾਅਦ 21 ਦੌੜਾਂ ਦੇ ਅੰਦਰ 4 ਵਿਕਟਾਂ ਗੁਆਈਆਂ। ਖੇਡ ਖਤਮ ਹੋਣ ਤਕ ਹੈਦਰਾਬਾਦ ਨੇ 7 ਵਿਕਟਾਂ 'ਤੇ 240 ਦੌੜਾਂ ਬਣਾ ਲਈਆਂ ਸਨ। ਮਯੰਕ ਨੇ 65 ਦੌੜਾਂ ਦੇ ਕੇ 3 ਵਿਕਟਾਂ ਲਈਆਂ, ਸਿਧਾਰਥ ਕੌਲ ਨੇ 2, ਜਦਕਿ ਐੱਮ. ਐੱਸ. ਗੋਨੀ ਤੇ ਸਨਵੀਰ ਸਿੰਘ ਨੂੰ 1-1 ਵਿਕਟ ਮਿਲੀ।