ਰੱਦ ਨਹੀਂ ਟਲਿਆ ਹੈ IPL, BCCI ਉਪ ਪ੍ਰਧਾਨ ਰਾਜੀਵ ਸ਼ੁਕਲਾ ਨੇ ਦੱਸਿਆ, ਕਦੋਂ ਹੋਣਗੇ ਬਚੇ ਹੋਏ ਮੈਚ

05/05/2021 12:16:36 PM

ਸਪੋਰਟਸ ਡੈਸਕ— ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੇ ਆਈ. ਪੀ. ਐੱਲ. ’ਚ ਖੇਡ ਰਹੇ ਕਈ ਕ੍ਰਿਕਟਰਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਉਣ ਦੇ ਬਾਅਦ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 2021 ਨੂੰ ਮੁਲਤਵੀ ਕਰ ਦਿੱਤਾ ਹੈ। ਇਸ ਤੋਂ ਬਾਅਦ ਸਵਾਲ ਉਠ ਰਹੇ ਸਨ ਕਿ ਕੀ ਮੌਜੂਦਾ ਹਾਲਾਤ ’ਚ ਅੱਗੇ ਜਾ ਕੇ ਆਈ. ਪੀ. ਐੱਲ. 14 ਰੱਦ ਕੀਤਾ ਜਾ ਸਕਦਾ ਹੈ।  ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਉਪ ਪ੍ਰਧਾਨ ਰਾਜੀਵ ਸ਼ੁਕਲਾ ਨੇ ਇਸ ਨੂੰ ਲੈ ਕੇ ਸਥਿਤੀ ਸਪੱਸ਼ਟ ਕੀਤੀ ਹੈ।
ਇਹ ਵੀ ਪੜ੍ਹੋ : ਸਾਬਕਾ ਆਸਟਰੇਲੀਆਈ ਕ੍ਰਿਕਟਰ ਨੂੰ ਅਗਵਾ ਕਰਕੇ ਕੀਤਾ ਗਿਆ ਟਾਰਚਰ, ਚਾਰ ਸ਼ਖ਼ਸ ਗਿ੍ਰਫ਼ਤਾਰ

ਉਨ੍ਹਾਂ ਦੱਸਿਆ ਕਿ ਆਈ. ਪੀ. ਐੱਲ. 14 ਨੂੰ ਰੱਦ ਨਹੀਂ ਕੀਤਾ ਗਿਆ ਹੈ। 9 ਅਪ੍ਰੈਲ ਤੋਂ ਸ਼ੁਰੂ ਹੋਏ ਆਈ. ਪੀ. ਐੱਲ.-14 ਦੇ ਇਸ ਸੀਜ਼ਨ ’ਚ ਅਜੇ ਤਕ 29 ਮੈਚ ਖੇਡੇ ਗਏ ਸਨ। ਟੂਰਨਾਮੈਂਟ ’ਚ 31 ਮੈਚ ਹੋਰ ਬਾਕੀ ਹਨ। ਸ਼ੁਕਲਾ ਨੇ ਅੱਗੇ ਕਿਹਾ ਕਿ ਸਹੀ ਸਮੇਂ ’ਤੇ ਕੋਰੋਨਾ ਕਾਰਨ ਖ਼ਰਾਬ ਸਥਿਤੀ ਤੋਂ ਉੱਭਰਨ ਦੇ ਬਾਅਦ ਇਸ ਬਾਰੇ ਫ਼ੈਸਲਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੁਅੱਤਲੀ ਦਾ ਸੁਝਾਅ ਦੇਣ ਵਾਲੀ ਰਿਪੋਰਟ ਸਿਰਫ਼ 5 ਦਿਨਾਂ ਜਾਂ ਇਕ ਹਫ਼ਤੇ ਲਈ ਹੈ, ਇਹ ਗੱਲ ਹੀ ਸੱਚ ਨਹੀਂ ਹੈ। ਅਜਿਹੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਹਨ ਕਿ ਆਈ. ਪੀ. ਐੱਲ. ਪੰਜ ਦਿਨ ਜਾਂ ਇਕ ਹਫ਼ਤੇ ਦੇ ਬਾਅਦ ਫਿਰ ਤੋਂ ਸ਼ੁਰੂ ਹੋਵੇਗਾ, ਇਹ ਵੀ ਸੰਭਵ ਨਹੀਂ ਹੈ।
ਇਹ ਵੀ ਪੜ੍ਹੋ : ‘ਹੰਡ੍ਰੇਡ’ ’ਚ ਖੇਡਣਗੀਆਂ ਹਰਮਨਪ੍ਰੀਤ ਸਮੇਤ 4 ਭਾਰਤੀ ਮਹਿਲਾ ਖਿਡਾਰਨਾਂ

ਜ਼ਿਕਰਯੋਗ ਹੈ ਕਿ ਕੋਲਕਾਤਾ ਨਾਈਟ ਰਾਈਡਰਜ਼, ਦਿੱਲੀ ਕੈਪੀਟਲਸ, ਸਨਰਾਈਜ਼ਰਜ਼ ਹੈਦਰਾਬਾਦ ਤੇ ਚੇਨਈ ਸੁਪਰਕਿੰਗਜ਼ ਦੀਆਂ ਟੀਮਾਂ ’ਚ ਕੋਵਿਡ-19 ਇਨਫ਼ੈਕਸ਼ਨ ਦੇ ਕਈ ਮਾਮਲੇ ਆਉਣ ਦੇ ਬਾਅਦ ਮੰਗਲਵਾਰ ਨੂੰ ਆਈ. ਪੀ. ਐੱਲ. ਨੂੰ ਅਣਮਿੱਥੇ ਸਮੇਂ ਲਈ ਮੁਅੱਤਲ ਕਰ ਦਿੱਤਾ ਗਿਆ ਹੈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।

Tarsem Singh

This news is Content Editor Tarsem Singh