ਰਜਤ ਸ਼ਰਮਾ ਨੇ DDCA ਦੇ ਪ੍ਰਧਾਨ ਅਹੁਦੇ ਤੋਂ ਦਿੱਤਾ ਅਸਤੀਫਾ, ਕਿਹਾ- ਇੱਥੇ ਕੰਮ ਕਰਨਾ ਹੈ ਮੁਸ਼ਕਿਲ

11/16/2019 1:18:54 PM

ਨਵੀਂ ਦਿੱਲੀ : ਸੀਨੀਅਰ ਪੱਤਰਕਾਰ ਰਜਤ ਸ਼ਰਮਾ ਨੇ ਸ਼ਨੀਵਾਰ ਨੂੰ ਦਿੱਲੀ ਅਤੇ ਜ਼ਿਲਾ ਕ੍ਰਿਕਟ ਸੰਘ (ਡੀ. ਡੀ. ਸੀ. ਏ.) ਪ੍ਰਧਾਨ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਇਸ ਦਾ ਕਾਰਣ ਉਸ ਨੇ ਸੰਸਥਾ ਵਿਚਾਲੇ ਚਲ ਰਹੀ ਖਿੱਚੋਤਾਣ ਦੱਸੀ। ਰਜਤ ਸ਼ਰਮਾ ਦਾ ਲੱਗਭਗ 20 ਮਹੀਨੇ ਦਾ ਕਾਰਜਕਾਲ ਉਤਾਰ-ਚੜਾਅ ਵਾਲਾ ਰਿਹਾ। ਇਸ ਵਿਚਾਲੇ ਉਸ ਦਾ ਜਰਨਲ ਸਕੱਤਰ ਵਿਨੋਦ ਤਿਹਾੜਾ ਨਾਲ ਮੱਤਭੇਦ ਜਨਤਕ ਤੌਰ 'ਤੇ ਸਾਹਮਣੇ ਆਇਆ। ਤਿਹਾੜਾ ਨੂੰ ਸੰਗਠਨ ਵਿਚ ਚੰਗਾ ਸਮਰਥਨ ਹਾਸਲ ਹੈ।

ਰਜਤ ਸ਼ਰਮਾ ਨੇ ਬਿਆਨ 'ਚ ਕਿਹਾ, ''ਇੱਥੇ ਕ੍ਰਿਕਟ ਪ੍ਰਸ਼ਾਸਨ ਹਰ ਸਮੇਂ ਖਿੱਚੋਤਾਣ ਵਾਲਾ ਰਹਿੰਦਾ ਹੈ। ਮੈਨੂੰ ਲਗਦਾ ਹੈ ਕਿ ਇੱਥੇ ਨਿਜੀ ਸੁਆਰਥ ਹਮੇਸ਼ਾ ਕ੍ਰਿਕਟ ਦੇ ਹਿੱਤਾਂ ਖਿਲਾਫ ਸਰਗਰਮ ਰਿਹਾ ਹੈ। ਅਜਿਹਾ ਲਗਦਾ ਹੈ ਕਿ ਡੀ. ਡੀ. ਸੀ. ਏ. ਵਿਚ ਵਫਾਦਾਰੀ, ਈਮਾਦਾਰੀ ਅਤੇ ਪਾਰਦਰਸ਼ਤਾ ਦੇ ਸਿਧਾਂਤਾਂ ਦੇ ਨਾਲ ਚਲਣਾ ਸੰਭਵ ਨਹੀਂ ਹੈ ਜਿਨ੍ਹਾਂ ਨਾਲ ਕਿ ਮੈਂ ਕਿਸੇ ਵੀ ਕੀਮਤ 'ਤੇ ਸਮਝੌਤਾ ਨਹੀਂ ਕਰਾਂਗਾ।''

ਸ਼ਰਮਾ ਸਾਬਕਾ ਵਿਤ ਮੰਤਰੀ ਸਵਰਗੀ ਅਰੁਣ ਜੇਤਲੀ ਦਾ ਸਮਰਥਨ ਮਿਲਣ 'ਤੇ ਕ੍ਰਿਕਟ ਪ੍ਰਸ਼ਾਸਨ ਨਾਲ ਜੁੜੇ ਸੀ। ਡੀ. ਡੀ. ਸੀ. ਏ. ਦੇ ਅੰਦਰੂਨੀ ਸੂਤਰਾਂ ਦਾ ਮੰਨਣਾ ਹੈ ਕਿ ਜੇਤਲੀ ਦੇ ਦਿਹਾਂਤ ਤੋਂ ਬਾਅਦ ਸ਼ਰਮਾ ਕਮਜ਼ੋਰ ਪੈ ਗਏ ਸੀ ਕਿਉਂਕਿ ਸਾਬਕਾ ਵਿਤ ਮੰਤਰੀ ਸੰਸਥਾ ਦੇ ਵੱਖ-ਵੱਖ ਗੁੱਟਾਂ ਨੂੰ ਇਕਜੁੱਟ ਰੱਖਣ ਵਿਚ ਅਹਿਮ ਭੂਮਿਕਾ ਨਿਭਾਊਂਦੇ ਸੀ। ਸ਼ਰਮਾ ਨੇ ਕਿਹਾ ਕਿ ਮੈਨੂੰ ਆਪਣੀਆਂ ਕੋਸ਼ਿਸ਼ਾਂ ਵਿਚ ਕਈ ਤਰ੍ਹਾਂ ਦੀਆਂ ਰੁਕਾਵਟਾਂ, ਵਿਰੋਧ ਅਤੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਸ ਲਈ ਮੈਂ ਹੱਟਣ ਦਾ ਫੈਸਲਾ ਲਿਆ ਹੈ ਅਤੇ ਡੀ. ਡੀ. ਸੀ. ਏ. ਪ੍ਰਧਾਨ ਅਹੁਦੇ ਤੋਂ ਤੁਰੰਤ ਪ੍ਰਭਾਵ ਨਾਲ ਆਪਣਾ ਅਸਤੀਫਾ ਚੋਟੀ ਪਰੀਸ਼ਦ ਨੂੰ ਸੌਂਪ ਦਿੱਤਾ ਹੈ।