ਵਿੰਡੀਜ਼ ਖਿਲਾਫ ਸੀਰੀਜ਼ ਜਿੱਤਣ ਮਗਰੋਂ ਰਾਹੁਲ ਨੇ ਦਿੱਤਾ ਵੱਡਾ ਬਿਆਨ, ਕਹੀ ਇਹ ਖਾਸ ਗੱਲ

12/12/2019 3:22:38 PM

ਸਪੋਰਟਸ ਡੈਸਕ— ਭਾਰਤ ਦੇ ਸਲਾਮੀ ਬੱਲੇਬਾਜ਼ ਕੇ. ਐੱਲ ਰਾਹੁਲ ਦਾ ਮੰਨਣਾ ਹੈ ਕਿ ਵੈਸਟਇੰਡੀਜ਼ ਖਿਲਾਫ ਆਖਰੀ ਅਤੇ ਤੀਜੇ ਟੀ-20 'ਚ ਮਿਲੀ ਜਿੱਤ ਨਾਲ ਵੱਡੇ ਸਕੋਰ ਬਣਾਉਣ ਲਈ ਚੰਗੀ ਸਿਖ ਮਿਲੀ ਜੋ ਉਨ੍ਹਾਂ ਦੀ ਟੀਮ ਲਗਾਤਾਰ ਨਹੀਂ ਕਰ ਪਾ ਰਹੀ ਸੀ। ਰਾਹੁਲ ਨੇ ਆਖਰੀ ਮੈਚ 'ਚ 91 ਦੌੜਾਂ ਦੀ ਪਾਰੀ ਖੇਡੀ। ਭਾਰਤ ਨੇ ਤੀਜਾ ਮੈਚ 67 ਦੌੜਾਂ ਨਾਲ ਜਿੱਤ ਕੇ ਸੀਰੀਜ਼ 2-1 ਨਾਲ ਆਪਣੇ ਨਾਂ ਕੀਤੀ।
ਤੀਜੇ ਟੀ-20 'ਚ ਹਾਲਾਂਕਿ ਭਾਰਤ ਨੇ ਤਿੰਨ ਵਿਕਟਾਂ 'ਤੇ 240 ਦੌੜਾਂ ਬਣਾਈਆਂ। ਨਿਯਮਤ ਅਧਾਰ 'ਤੇ ਵੱਡੇ ਸਕੋਰ ਬਣਾਉਣ 'ਚ ਭਾਰਤ ਦੀ ਨਾਕਾਮੀ ਦੇ ਬਾਰੇ 'ਚ ਪੁੱਛਣ 'ਤੇ ਰਾਹੁਲ ਨੇ ਕਿਹਾ, 'ਪਤਾ ਨਹੀਂ ਇਸਦਾ ਕੀ ਜਵਾਬ ਹੈ ਪਰ ਸਾਨੂੰ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਆਪਣੇ ਪ੍ਰਦਰਸ਼ਨ 'ਚ ਸੁਧਾਰ ਦੀ ਜ਼ਰੂਰਤ ਸੀ। ਕਈ ਵਾਰ ਅਸੀਂ ਸ਼ੁਰੂ ਤੋਂ ਹੀ 200 ਦੌੜਾਂ ਬਣਾਉਣ ਦੀ ਸੋਚ ਕੇ ਉਤਰਦੇ ਹਾਂ। ਟੀ-20 'ਚ ਕੋਈ ਵੀ ਸਕੋਰ ਕਾਫ਼ੀ ਨਹੀਂ ਹੈ। ਹਰ ਵਾਰ ਲੱਗਦਾ ਹੈ ਕਿ 10-15 ਦੌੜਾਂ ਘੱਟ ਹਨ।  ਰਾਹੁਲ ਨੇ ਅੱਗੇ ਕਿਹਾ, 'ਕਈ ਵਾਰ ਅਸੀਂ ਜ਼ਰੂਰਤ ਤੋਂ ਜ਼ਿਆਦਾ ਕੋਸ਼ਿਸ਼ ਕਰ ਜਾਂਦੇ ਹਾਂ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਅਤੇ ਟੀਚੇ ਦਿੰਦੇ ਹੋਏ ਅਜਿਹਾ ਹੁੰਦਾ ਹੈ। ਟੀ-20 'ਚ ਹੀ ਨਹੀਂ ਸਗੋਂ ਹਰ ਫਾਰਮੈਟ 'ਚ। ਸਾਡੇ ਲਈ ਇਹ ਚੰਗਾ ਸਬਕ ਰਿਹਾ। ਉਮੀਦ ਹੈ ਕਿ ਅੱਗੇ ਵੀ ਅਸੀਂ ਵਾਰ ਵਾਰ ਅਜਿਹਾ ਕਰ ਸਕਾਂਗੇ। ਰਾਹੁਲ ਨੇ ਮੰਨਿਆ ਕਿ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਕਾਫ਼ੀ ਦਬਾਅ ਰਹਿੰਦਾ ਹੈ ਅਤੇ ਅਤੀਤ 'ਚ ਟੀਮ ਅਸਫਲ ਰਹੀ ਹੈ। ਉਨ੍ਹਾਂ ਨੇ ਹਾਲਾਂਕਿ ਕਿਹਾ ਕਿ ਟੀਮ ਨੇ ਆਪਣੀਆਂ ਗਲਤੀਆਂ ਤੋਂ ਸਬਕ ਲੈ ਕੇ ਸਿੱਖਿਆ ਹੈ।