ਕਿੰਗਜ਼ ਇਲੈਵਨ ਪੰਜਾਬ ਲਈ 2021 ''ਚ ਰਾਹੁਲ-ਕੁੰਬਲੇ ਦੀ ਜੋੜੀ ਦੇ ਇਕੱਠੇ ਰਹਿਣ ਦੀ ਉਮੀਦ

11/10/2020 8:15:28 PM

ਨਵੀਂ ਦਿੱਲੀ– ਕਿੰਗਜ਼ ਇਲੈਵਨ ਪੰਜਾਬ ਦੇ 2020 ਇੰਡੀਅਨ ਪ੍ਰੀਮੀਅਰ ਲੀਗ ਵਿਚ 6ਵੇਂ ਸਥਾਨ 'ਤੇ ਰਹਿਣ ਦੇ ਬਾਵਜੂਦ ਕਪਤਾਨ ਕੇ. ਐੱਲ. ਰਾਹੁਲ ਤੇ ਕੋਚ ਅਨਿਲ ਕੁੰਬਲੇ ਦੇ ਇਕੱਠੇ ਬਰਕਰਾਰ ਰਹਿਣ ਦੀ ਸੰਭਾਵਨਾ ਹੈ। ਟੀਮ ਦੇ ਇਕ ਸੂਤਰ ਨੇ ਕਿਹਾ ਕਿ ਮਾਲਕ ਰਾਹੁਲ ਤੇ ਕੁੰਬਲੇ ਨੂੰ 2021 ਸੈਸ਼ਨ ਵਿਚ ਵੀ ਬਰਕਰਾਰ ਰੱਖਣਾ ਚਾਹੁੰਦੇ ਹਨ, ਜਿਸ ਦਾ ਆਯੋਜਨ 6 ਤੋਂ ਘੱਟ ਮਹੀਨਿਆਂ ਵਿਚ ਹੋਵੇਗਾ।


ਇਸ ਸੈਸ਼ਨ ਵਿਚ ਪਹਿਲੀ ਵਾਰ ਟੀਮ ਦੀ ਕਪਤਾਨੀ ਕਰਨ ਵਾਲੇ ਰਾਹੁਲ ਨੇ 55.83 ਦੀ ਔਸਤ ਨਾਲ 670 ਦੌੜਾਂ ਬਣਾ ਕੇ ਬੱਲੇ ਨਾਲ ਚੰਗਾ ਪ੍ਰਦਰਸ਼ਨ ਕੀਤਾ। ਫ੍ਰੈਂਚਾਇਜ਼ੀ ਦੇ ਨਾਲ ਕੁੰਬਲੇ ਦਾ ਪਹਿਲਾ ਸੈਸ਼ਨ ਸੀ। ਪੰਜਾਬ ਦੀ ਟੀਮ ਕਦੇ ਵੀ ਸੰਤੁਲਿਤ ਇਕਾਈ ਨਹੀਂ ਰਹੀ ਸੀ ਪਰ ਉਸ ਨੂੰ ਆਖਿਰਕਾਰ ਖਿਡਾਰੀਆਂ ਦਾ ਕੋਰ ਗਰੁੱਪ ਮਿਲ ਗਿਆ ਹੈ, ਜਿਸ ਦੇ ਨਾਲ ਉਹ ਇਕ ਟੀਮ ਬਣਾ ਸਕਦੀ ਹੈ। ਇਸ ਗਰੁੱਪ ਵਿਚ ਰਾਹੁਲ, ਮਯੰਕ ਅਗਰਵਾਲ, ਨਿਕੋਲਸ ਪੂਰਨ, ਮੁਹੰਮਦ ਸ਼ੰਮੀ, ਕ੍ਰਿਸ ਗੇਲ ਤੇ ਨੌਜਵਾਨ ਜਿਵੇਂ ਰਵੀ ਬਿਸ਼ਨੋਈ ਤੇ ਅਰਸ਼ਦੀਪ ਸਿੰਘ ਸ਼ਾਮਲ ਹਨ। ਮੈਨੇਜਮੈਂਟ ਮੱਧਕ੍ਰਮ ਵਿਚ ਕੁਝ ਕਮੀਆਂ ਨੂੰ ਦੂਰ ਕਰਨਾ ਚਾਹੁੰਦੀ ਹੈ ਤੇ ਖਾਸ ਤੌਰ 'ਤੇ ਗੇਂਦਬਾਜ਼ੀ ਵਿਭਾਗ ਵਿਚ ਵੀ ਜਿਹੜਾ ਕਈ ਸਾਲਾਂ ਤੋਂ ਉਸਦੇ ਲਈ ਪ੍ਰੇਸ਼ਾਨੀ ਦਾ ਕਾਰਣ ਰਿਹਾ ਹੈ।


ਟੀਮ ਨੇ ਗਲੇਨ ਮੈਕਸਵੈੱਲ (10.75 ਕਰੋੜ ਰੁਪਏ) ਤੇ ਸ਼ੈਲਡਨ ਕੋਟਰੈੱਲ (8.5 ਕਰੋੜ ਰੁਪਏ) ਵਰਗੇ ਖਿਡਾਰੀਆਂ 'ਤੇ ਕਾਫੀ ਖਰਚਾ ਕੀਤਾ ਹੈ ਪਰ ਦੋਵੇਂ ਹੀ ਕੁਝ ਖਾਸ ਨਹੀਂ ਕਰ ਸਕੇ, ਵਿਸ਼ੇਸ਼ ਤੌਰ 'ਤੇ ਆਸਟਰੇਲੀਆਈ ਖਿਡਾਰੀ ਜਿਸ ਨੇ 15.42 ਦੀ ਔਸਤ ਨਾਲ 13 ਮੈਚਾਂ ਵਿਚ ਸਿਰਫ 108 ਦੌੜਾਂ ਬਣਾਈਆਂ। ਟੀਮ ਨੇ 2017 ਵਿਚ ਮੈਕਸਵੈੱਲ ਦੇ ਜਾਣ ਤੋਂ ਬਾਅਦ ਦੁਬਾਰਾ ਤੋਂ ਉਸ ਨੂੰ ਟੀਮ ਵਿਚ ਸ਼ਾਮਲ ਕੀਤਾ ਸੀ। ਸੂਤਰ ਨੇ ਕਿਹਾ,''ਉਸਦਾ ਪ੍ਰਦਰਸ਼ਨ ਉਮੀਦ ਦੇ ਅਨੁਸਾਰ ਨਹੀਂ ਰਿਹਾ ਤੇ ਉਸਦੇ ਨਾਲ ਜਾਰੀ ਰਹਿਣਾ ਮੁਸ਼ਕਿਲ ਹੋਵੇਗਾ। ਟੀਮ ਦੀ ਸਮੀਖਿਆ ਮੀਟਿੰਗ ਤੋਂ ਬਾਅਦ ਭਵਿੱਖ 'ਤੇ ਵੀ ਫੈਸਲਾ ਕੀਤਾ ਜਾਵੇਗਾ।''

Gurdeep Singh

This news is Content Editor Gurdeep Singh