ਸਿੰਧੂ ਦੀ ਆਲ ਇੰਗਲੈਂਡ ਚੈਂਪੀਅਨਸ਼ਿਪ ''ਚ ਸ਼ਾਨਦਾਰ ਸ਼ੁਰੂਆਤ

03/18/2021 12:16:59 PM

ਬਰਮਿੰਘਮ (ਭਾਸ਼ਾ)– ਵਿਸ਼ਵ ਚੈਂਪੀਅਨ ਪੀ. ਵੀ. ਸਿੰਧੂ ਨੇ ਆਲ ਇੰਗਲੈਂਡ ਬੈਡਮਿੰਟਨ ਚੈਂਪੀਅਨਸ਼ਿਪ ਵਿਚ ਸ਼ਾਨਦਾਰ ਸ਼ੁਰੂਆਤ ਕੀਤੀ ਜਦਕਿ ਕਿਦਾਂਬੀ ਸ਼੍ਰੀਕਾਂਤ ਤੇ ਪਰੂਪੱਲੀ ਕਸ਼ਯਪ ਬੁੱਧਵਾਰ ਨੂੰ ਇੱਥੇ ਵੱਕਾਰੀ ਆਲ ਇੰਗਲੈਂਡ ਚੈਂਪੀਅਨਸ਼ਿਪ ਦੇ ਪੁਰਸ਼ ਸਿੰਗਲਜ਼ ਦੇ ਸ਼ੁਰੂਆਤੀ ਦੌਰ ਦੇ ਮੁਕਾਬਲੇ ਵਿਚ ਹੀ ਹਾਰ ਕੇ ਬਾਹਰ ਹੋ ਗਏ। ਅਸ਼ਵਿਨੀ ਪੋਨੱਪਾ ਤੇ ਐੱਨ. ਸਿੱਕੀ ਰੈੱਡੀ ਦੀ ਭਾਰਤੀ ਮਹਿਲਾ ਜੋੜੀ ਤੋਂ ਇਲਾਵਾ ਸਾਤਵਿਕਸਾਈਰਾਜ ਰੈਂਕੀਰੈੱਡੀ ਤੇ ਚਿਰਾਗ ਸ਼ੈੱਟੀ ਦੀ ਪੁਰਜ਼ ਡਬਲਜ਼ ਜੋੜੀ ਨੇ ਵੀ ਸਿੱਧੇ ਸੈੱਟਾਂ ਵਿਚ ਜਿੱਤ ਦਰਜ ਕਰਕੇ ਦੂਜੇ ਦੌਰ ਵਿਚ ਪ੍ਰਵੇਸ਼ ਕਰ ਲਿਆ।

ਓਲੰਪਿਕ ਚਾਂਦੀ ਤਮਗਾ ਜੇਤੂ ਸਿੰਧੂ ਨੇ ਅਨੁਸ਼ਾਸਿਤ ਪ੍ਰਦਰਸ਼ਨ ਕਰਦੇ ਹੋਏ ਮਹਿਲਾ ਸਿੰਗਲਜ਼ ਵਿਚ ਮਲੇਸ਼ੀਆ ਦੀ ਸੋਨੀਆ ਚਿਆ ਨੂੰ ਹਰਾਇਆ। ਸਿੰਧੂ ਨੇ ਦੁਨੀਆ ਦੀ 32ਵੇਂ ਨੰਬਰ ਦੀ ਖਿਡਾਰਨ ਨੂੰ 38 ਮਿੰਟ ਵਿਚ 21-11, 21-17 ਨਾਲ ਹਰਾਇਆ। ਹੁਣ ਪੰਜਵਾਂ ਦਰਜਾ ਪ੍ਰਾਪਤ ਭਾਰਤੀ ਖਿਡਾਰਨ ਦਾ ਸਾਹਮਣਾ ਡੈੱਨਮਾਰਕ ਦੀ ਲਾਈਨ ਕ੍ਰਿਸਟੋਫਰਸਨ ਨਾਲ ਹੋਵੇਗਾ। ਇਸ ਤੋਂ ਪਹਿਲਾਂ ਅਸ਼ਵਿਨੀ ਤੇ ਸਿੱਕੀ ਦੀ ਜੋੜੀ ਨੇ ਥਾਈਲੈਂਡ ਦੀ ਬੇਨਯਾਪਾ ਐਮਸਾਰਡ ਤੇ ਨੂਨਤਾਕਰਣ ਐਮਸਾਰਡ ਦੀ ਜੋੜੀ ’ਤੇ 30 ਮਿੰਟ ਤਕ ਚੱਲੇ ਮੁਕਾਬਲੇ ਵਿਚ 21-14, 21-12 ਨਾਲ ਜਿੱਤ ਦਰਜ ਕੀਤੀ।

8ਵਾਂ ਦਰਜਾ ਪ੍ਰਾਪਤ ਸ਼੍ਰੀਕਾਂਤ ਨੂੰ ਟੂਰਨਾਮੈਂਟ ਦੇ ਸ਼ੁਰੂਆਤੀ ਦਿਨ ਆਇਰਲੈਂਡ ਦੇ ਗੈਰ ਦਰਜਾ ਪ੍ਰਾਪਤ ਐਨਗੁਏਨ ਨਹਾਟ ਤੋਂ 11-21, 21-15, 12-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਹ ਮੈਚ ਪੂਰਾ ਇਕ ਘੰਟੇ ਤਕ ਚੱਲਿਆ, ਜਿਸ ਵਿਚ ਆਇਰਲੈਂਡ ਦੇ ਖਿਡਾਰੀ ਨੇ ਦੂਜਾ ਸੈੱਟ ਗਵਾਉਣ ਤੋਂ ਬਾਅਦ ਸ਼ਾਨਦਾਰ ਵਾਪਸੀ ਕੀਤੀ। ਰਾਸ਼ਟਰਮੰਡਲ ਖੇਡਾਂ ਦੇ ਸੋਨ ਤਮਗਾ ਜੇਤੂ ਕਸ਼ਯਪ ਨੂੰ ਜਾਪਾਨ ਦੇ ਚੋਟੀ ਦਰਜਾ ਪ੍ਰਾਪਤ ਕੇਂਤੋ ਮੋਮੋਤਾ ਹੱਥੋਂ 42 ਮਿੰਟ ਤਕ ਚੱਲੇ ਮੁਕਾਬਲੇ ਵਿਚ 13-21, 21-22 ਨਾਲ ਹਾਰ ਝੱਲਣੀ ਪਈ।

cherry

This news is Content Editor cherry