ਪੁਣੇ ਨੇ ਪੰਜਾਬ ਨੂੰ 9 ਵਿਕਟਾਂ ਨਾਲ ਹਰਾਇਆ

05/14/2017 11:22:32 PM

ਪੁਣੇ- ਪੁਣੇ ਨੇ ਆਪਣੇ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਦਮ ''ਤੇ ਪੰਜਾਬ ਨੂੰ ਐਤਵਾਰ ਨੂੰ 15.5 ਓਵਰਾਂ ਵਿਚ ਸਿਰਫ 73 ਦੌੜਾਂ ''ਤੇ ਢੇਰ ਕਰਨ ਤੋਂ ਬਾਅਦ 9 ਵਿਕਟਾਂ ਨਾਲ ਜਿੱਤ ਦਰਜ ਕਰ ਕੇ ਸ਼ਾਨ ਨਾਲ ਟੀ-20 ਲੀਗ ਦੇ ਪਲੇਆਫ ਵਿਚ ਪ੍ਰਵੇਸ਼ ਕਰ ਲਿਆ। 

ਪੁਣੇ ਨੇ ਪੰਜਾਬ ਨੂੰ 73 ਦੌੜਾਂ ''ਤੇ ਢੇਰ ਕਰਨ ਤੋਂ ਬਾਅਦ 12 ਓਵਰਾਂ ਵਿਚ 1 ਵਿਕਟ ਦੇ ਨੁਕਸਾਨ ''ਤੇ 78 ਦੌੜਾਂ ਬਣਾ ਕੇ ਮੈਚ ਜਿੱਤ ਲਿਆ। ਪੁਣੇ ਨੇ ਇਸਦੇ ਨਾਲ ਹੀ ਨਾ ਸਿਰਫ ਪਲੇਆਫ ਵਿਚ ਜਗ੍ਹਾ ਬਣਾ ਲਈ ਸਗੋਂ ਅੰਕ ਸੂਚੀ ਵਿਚ ਦੂਜੇ ਸਥਾਨ ''ਤੇ ਵੀ ਪਹੁੰਚ ਗਈ। ਪੁਣੇ ਦੀ 14 ਮੈਚਾਂ ਵਿਚ ਇਹ 9ਵੀਂ ਜਿੱਤ ਰਹੀ ਤੇ ਉਹ ਹੈਦਰਾਬਾਦ ਤੇ ਕੋਲਕਾਤਾ ਨੂੰ ਪਿੱਛੇ ਛੱਡ ਕੇ ਦੂਜੇ ਸਥਾਨ ''ਤੇ ਪਹੁੰਚ ਗਈ। ਪੰਜਾਬ ਦੀ 14 ਮੈਚਾਂ ਵਿਚ ਸੱਤਵੀਂ ਹਾਰ ਰਹੀ ਤੇ ਉਹ 14 ਅੰਕਾਂ ਨਾਲ ਪਲੇਆਫ ਤੋਂ ਬਾਹਰ ਹੋ ਗਈ। 
ਇਸ ਨਤੀਜੇ ਦੇ ਨਾਲ  
ਟੀ-20 ਲੀਗ -10 ਦੀ ਪਲੇਆਫ ਲਾਈਨ ਅਪ ਪੂਰੀ ਹੋ ਗਈ। ਮੁੰਬਈ 20 ਅੰਕਾਂ ਨਾਲ ਪਹਿਲੇ, ਪੁਣੇ 18 ਅੰਕਾਂ ਨਾਲ ਦੂਜੇ, ਹੈਦਰਾਬਾਦ 17 ਅੰਕਾਂ ਨਾਲ ਤੀਜੇ ਤੇ ਕੋਲਕਾਤਾ 16 ਅੰਕਾਂ ਨਾਲ ਚੌਥੇ ਸਥਾਨ ''ਤੇ ਰਹੀਆਂ।
ਪੁਣੇ ਨੇ ਛੋਟੇ ਟੀਚੇ ਦਾ ਪਿੱਛਾ ਕਰਦਿਆਂ ਸ਼ਾਨਦਾਰ ਸ਼ੁਰੂਆਤ ਕੀਤੀ ਤੇ ਅਜਿੰਕਯ ਰਹਾਨੇ ਤੇ ਰਾਹੁਲ ਤ੍ਰਿਪਾਠੀ ਨੇ ਪਹਿਲੀ ਵਿਕਟ ਲਈ 5.3 ਓਵਰਾਂ ਵਿਚ 41 ਦੌੜਾਂ ਦੀ ਸ਼ਾਨਦਾਰ ਸਾਂਝੇਦਾਰੀ ਕੀਤੀ। ਤ੍ਰਿਪਾਠੀ 28 ਦੌੜਾਂ ਬਣਾ ਕੇ ਅਕਸ਼ਰ ਪਟੇਲ ਦੀ ਗੇਂਦ ''ਤੇ ਕਲੀਨ ਬੋਲਡ ਹੋ ਗਿਆ ਪਰ ਰਹਾਨੇ (34) ਤੇ ਕਪਤਾਨ ਸਟੀਵ ਸਮਿਥ (15)  ਨੇ ਅਜੇਤੂ ਪਾਰੀਆਂ ਖੇਡਦੇ ਹੋਏ ਟੀਮ ਨੂੰ 12ਵੇਂ ਓਵਰ ਵਿਚ ਜਿੱਤ ਦੀ ਮੰਜ਼ਿਲ ''ਤੇ ਪਹੁੰਚਾ ਦਿੱਤਾ।
ਇਸ ਤੋਂ ਪਹਿਲਾਂ ਸ਼ਾਰਦੁਲ ਠਾਕੁਰ ਨੇ 19 ਦੌੜਾਂ ''ਤੇ 3 ਵਿਕਟਾਂ, ਜੈਦੇਵ ਉਨਾਦਕਤ ਨੇ 12 ਦੌੜਾਂ ''ਤੇ 2 ਵਿਕਟਾਂ, ਐਡਮ ਜ਼ਾਂਪਾ ਨੇ 22 ਦੌੜਾਂ ''ਤੇ 2 ਵਿਕਟਾਂ ਤੇ ਡੇਨੀਅਲ ਕ੍ਰਿਸਟੀਅਨ ਨੇ 10 ਦੌੜਾਂ ''ਤੇ 2 ਵਿਕਟਾਂ ਲੈ ਕੇ ਪੰਜਾਬ ਦਾ ਬੋਰੀਆ ਬਿਸਤਰਾ ਗੋਲ ਕਰ ਦਿੱਤਾ। ਪੰਜਾਬ ਆਪਣੀ ਅੱਧੀ ਟੀਮ 5.5 ਓਵਰਾਂ ਵਿਚ ਸਿਰਫ 32 ਦੌੜਾਂ ''ਤੇ ਗੁਆਉਣ ਤੋਂ ਬਾਅਦ ਮੁਕਾਬਲੇ ਵਿਚ ਨਹੀਂ ਪਰਤ ਸਕੀ। ਪੰਜਾਬ ਨੇ ਆਪਣੀਆਂ ਆਖਰੀ ਚਾਰ ਵਿਕਟਾਂ ਤਾਂ ਸਿਰਫ 11 ਦੌੜਾਂ ਜੋੜ ਕੇ ਗੁਆਈਆਂ। ਇਹ ਆਈ. ਪੀ. ਐੱਲ. ਵਿਚ ਉਸਦਾ ਸਭ ਤੋਂ ਘੱਟ ਸਕੋਰ ਹੈ। ਪੰਜਾਬ ਦੇ ਬੱਲੇਬਾਜ਼ਾਂ ਦਾ ਕਰੋ ਜਾਂ ਮਰੋ ਦੇ ਇਸ ਮੁਕਾਬਲੇ ਵਿਚ ਹਰ ਲਿਹਾਜ਼ ਨਾਲ ਬੇਹੱਦ ਖਰਾਬ ਪ੍ਰਦਰਸ਼ਨ ਸੀ।