ਪ੍ਰੋ ਕਬੱਡੀ ਲੀਗ ਨੂੰ ਟੱਕਰ ਦੇਣ ਉੱਤਰੀ ਨਵੀਂ ਕਬੱਡੀ ਲੀਗ

04/10/2019 2:57:08 PM

ਨਵੀਂ ਦਿੱਲੀ : 7ਵੇਂ ਸੈਸ਼ਨ ਵਿਚ ਪ੍ਰਵੇਸ਼ ਕਰਨ ਜਾ ਰਹੀ ਪ੍ਰੋ ਕਬੱਡੀ ਲੀਗ ਨੂੰ ਟੱਕਰ ਦੇਣ ਹੁਣ ਨਵੀਂ ਲੀਗ ਇੰਡੋ ਇੰਟਰਨੈਸ਼ਨਲ ਪ੍ਰੀਮੀਅਰ ਲੀਗ ਮੈਦਾਨ 'ਚ ਆ ਗਈ ਹੈ ਅਤੇ ਇਸ ਦੀ ਸ਼ੁਰੂਆਤ 13 ਮਈ ਤੋਂ ਪੁਣੇ ਵਿਚ ਹੋਵੇਗੀ। ਪ੍ਰੋ ਕਬੱਡੀ ਲੀਗ ਦੇ 7ਵੇਂ ਸੈਸ਼ਨ ਲਈ ਖਿਡਾਰੀਆਂ ਦੀ 2 ਦਿਨ ਦੀ ਨਿਲਾਮੀ ਮੰਗਲਵਾਰ ਨੂੰ ਹੀ ਖਤਮ ਹੋਈ ਸੀ ਅਤੇ ਇਸ ਦੇ ਅਗਲੇ ਦਿਨ ਬੁੱਧਵਾਰ ਨੂੰ ਦਿੱਲੀ ਵਿਚ ਆਯੋਜਿਤ ਪ੍ਰੈਸ ਕਾਨਫ੍ਰੈਂਸ ਵਿਚ ਆਈ. ਆਈ. ਪੀ. ਕੇ. ਐੱਲ. ਦੇ ਪਹਿਲੇ ਸੈਸ਼ਨ ਦਾ ਐਲਾਨ ਕਰ ਦਿੱਤਾ ਗਿਆ ਹੈ ਜੋ 13 ਮਈ ਤੋਂ 4 ਜੂਨ ਤੱਕ ਚੱਲੇਗਾ।

ਦਿਲਚਸਪ ਗੱਲ ਹੈ ਕਿ ਪ੍ਰੋ ਕਬੱਡੀ ਲੀਗ ਦਾ 7ਵਾਂ ਸੈਸ਼ਨ 19 ਜੁਲਾਈ ਤੋਂ 9 ਅਕਤੂਬਰ ਤੱਕ ਚੱਲੇਗਾ। ਇਸ ਤੋਂ ਪਹਿਲਾਂ ਆਈ. ਆਈ. ਪੀ. ਕੇ. ਐੱਲ. ਦੇ ਪਹਿਲੇ ਸੈਸ਼ਨ ਦਾ ਆਯੋਜਨ 13 ਮਈ ਤੋਂ 4 ਜੂਨ ਤੱਕ ਪੁਣੇ, ਮੈਸੂਰ ਅਤੇ ਬੈਂਗਲੁਰੂ ਵਿਖੇ ਹੋਵੇਗਾ ਜਿਸ ਵਿਚ ਕੁਲ 8 ਟੀਮਾਂ ਹਿੱਸਾ ਲੈਣਗੀਆਂ ਅਤੇ ਕੁਲ 44 ਮੈਚ ਖੇਡੇ ਜਾਣਗੇ। ਨਵੀਂ ਲੀਗ ਏਸ਼ੀਆਈ ਖੇਡਾਂ ਦੇ ਸਵਰੂਪ ਵਿਚ ਖੇਡੀ ਜਾਵੇਗੀ। ਨਵੀਂ ਲੀਗ ਦੇ ਆਉਣ ਨਾਲ ਯਕੀਨੀ ਤੌਰ 'ਤੇ ਅਸਰ ਪ੍ਰੋ ਕਬੱਡੀ ਲੀਗ ਦੀ ਪ੍ਰਸਿੱਧੀ 'ਤੇ ਪਵੇਗਾ। ਆਈ. ਆਈ. ਪੀ. ਕੇ. ਐੱਲ. ਦਾ ਪ੍ਰਸਾਰਣ ਖੇਡ ਚੈਨਲ ਡੀ. ਸਪੋਰਟ 'ਤੇ ਕੀਤਾ ਜਾਵੇਗਾ ਜਦਕਿ ਪ੍ਰੋ ਕਬੱਡੀ ਦਾ ਪ੍ਰਸਾਰਣ ਸਟਾਰ ਸਪੋਰਟ ਖੇਡ ਚੈਨਲ 'ਤੇ ਕੀਤਾ ਜਾਂਦਾ ਹੈ। ਯਾਨੀ ਪ੍ਰਸਾਰਣ ਦੇ ਮਾਮਲੇ ਵਿਚ ਨਵੀਂ ਕਬੱਡੀ ਲੀਗ ਪ੍ਰੋ ਕਬੱਡੀ ਨੂੰ ਟੱਕਰ ਦੇਣ ਦੀ ਪੂਰੀ ਤਿਆਰੀ 'ਚ ਹੈ। ਪ੍ਰੋ ਕਬੱਡੀ ਵਿਚ ਜਿੱਥੇ ਖਿਡਾਰੀਆਂ ਦੀ ਨਿਲਾਮੀ ਕੀਤੀ ਗਈ, ਉੱਥੇ ਹੀ ਨਵੀਂ ਲੀਗ ਵਿਚ ਖਿਡਾਰੀਆਂ ਨੂੰ ਮੈਚ ਫੀਸ ਦੇਣ ਦੇ ਨਾਲ ਨਾਲ ਕਮਾਈ ਦਾ 20 ਫੀਸਦੀ ਹਿੱਸਾ ਵੀ ਦਿੱਤਾ ਜਾਵੇਗਾ ਜੇ ਕ੍ਰਿਕਟ ਨੂੰ ਛੱਡ ਕੇ ਹੋਰ ਕਿਸੇ ਖੇਡ ਲੀਗ ਵਿਚ ਨਹੀਂ ਹੁੰਦਾ ਹੈ।