ਨਿਯਮ ਤੋੜ ਕੇ ਛੁੱਟੀਆਂ ਮਨਾਉਣ ਗੋਆ ਜਾ ਰਹੇ ਸਨ ਪ੍ਰਿਥਵੀ ਸ਼ਾਹ, ਰਸਤੇ ’ਚ ਆਏ ਪੁਲਸ ਦੇ ਅੜਿੱਕੇ

05/14/2021 7:12:09 PM

ਸਪੋਰਟਸ ਡੈਸਕ— ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 2021 ਨੂੰ ਕੋਰੋਨਾ ਮਾਮਲੇ ਆਉਣ ਤੋਂ ਬਾਅਦ ਮੁਲਤਵੀ ਕਰ ਦਿੱਤਾ ਗਿਆ ਹੈ ਜਦਕਿ ਆਗਾਮੀ ਇੰਗਲੈਂਡ ਦੌਰੇ ਦੇ ਲਈ ਪ੍ਰਿਥਵੀ ਸ਼ਾਹ ਨੂੰ ਟੀਮ ’ਚ ਜਗ੍ਹਾ ਨਹੀਂ ਮਿਲੀ। ਅਜਿਹੇ ’ਚ ਪ੍ਰਿਥਵੀ ਸ਼ਾਹ ਛੁੱਟੀਆਂ ਮਨਾਉਣ ਲਈ ਗੋਆ ਜਾ ਰਹੇ ਸੀ ਪਰ ਰਸਤੇ ’ਚ ਹੀ ਪੁਲਸ ਨੇ ਉਨ੍ਹਾਂ ਨੂੰ ਫੜ ਲਿਆ ਤੇ ਉਨ੍ਹਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। 
ਇਹ ਵੀ ਪੜ੍ਹੋ : ਕ੍ਰਿਕਟਰ ਮਨੋਜ ਤਿਵਾਰੀ ਨੂੰ ਹਰਭਜਨ ਸਿੰਘ ਨੇ ਸ਼ੁੱਭ ਇੱਛਾਵਾਂ ਦੇ ਕੇ ਡਿਲੀਟ ਕੀਤਾ ਟਵੀਟ, ਜਾਣੋ ਵਜ੍ਹਾ

ਇਕ ਨਿਊਜ਼ ਰਿਪੋਰਟ ਮੁਤਾਬਕ ਮੁੰਬਈ ਪੁਲਸ ਨੇ ਉਨ੍ਹਾਂ ਨੂੰ ਗੋਆ ਜਾਂਦੇ ਸਮੇਂ ਰੋਕਿਆ ਤੇ ਇਸ ਦੌਰਾਨ ਉਨ੍ਹਾਂ ਕੋਲ ਈ-ਪਾਸ ਵੀ ਨਹੀਂ ਸੀ। ਕੋਰੋਨਾ ਵਾਇਰਸ ਦੇ ਹਰ ਰੋਜ਼ ਹਜ਼ਾਰਾਂ ਮਾਮਲੇ ਸਾਹਮਣੇ ਆਉਣ ਕਾਰਨ ਮਹਾਰਾਸ਼ਟਰ ’ਚ ਲਾਕਡਾਊਨ ਲੱਗਾ ਹੋਇਆ ਹੈ ਤੇ ਰਿਪੋਰਟਸ ਮੁਤਾਬਕ ਪ੍ਰਿਥਵੀ ਸ਼ਾਹ ਸੜਕ ਰਾਹੀਂ ਗੋਆ ਜਾ ਰਹੇ ਸਨ। ਇਸ ਦੌਰਾਨ ਪ੍ਰਿਥਵੀ ਨੂੰ ਉੱਥੇ ਇਕ ਘੰਟੇ ਲਈ ਰੁਕਾਣਾ ਪਿਆ। ਉਨ੍ਹਾਂ ਨੇ ਈ-ਪਾਸ ਲਈ ਅਪਲਾਈ ਕੀਤਾ। ਈ-ਪਾਸ ਮਿਲਣ ਤੋਂ ਬਾਅਦ ਉਹ ਗੋਆ ਲਈ ਰਵਾਨਾ ਹੋਏ। ਭਾਰਤੀ ਟੀਮ ਦੇ ਕਈ ਮੈਂਬਰ ਕੋਰੋਨਾ ਨਾਲ ਲੜਨ ’ਚ ਲੋਕਾਂ ਦੀ ਮਦਦ ਕਰ ਰਹੇ ਹਨ। ਅਜਿਹੇ ’ਚ ਸ਼ਾਹ ਦਾ ਛੁੱਟੀਆਂ ਮਨਾਉਣ ਗੋਆ ਜਾਣਾ ਉਨ੍ਹਾਂ ’ਤੇ ਸਵਾਲ ਖੜ੍ਹੇ ਕਰਦਾ ਹੈ।
ਇਹ ਵੀ ਪੜ੍ਹੋ : AUS ਦੇ ਸਾਬਕਾ ਕ੍ਰਿਕਟਰ ਨੇ ਚੁਣੀ IPL ਦੀ ਪਲੇਇੰਗ XI, ਪੰਤ ਨੂੰ ਬਣਾਇਆ ਕਪਤਾਨ, ਕੋਹਲੀ ਤੇ ਰੋਹਿਤ ਬਾਹਰ

ਜ਼ਿਕਰਯੋਗ ਹੈ ਕਿ ਆਸਟਰੇਲੀਆ ਦੌਰੇ ਦੇ ਦੌਰਾਨ ਪ੍ਰਿਥਵੀ ਸ਼ਾਹ ਪੂਰੀ ਤਰ੍ਹਾਂ ਅਸਫਲ ਰਹੇ ਸਨ ਜਿਸ ਤੋਂ ਬਾਅਦ ਉਨ੍ਹਾਂ ਨੂੰ ਟੀਮ ’ਚ ਜਗ੍ਹਾ ਨਹੀਂ ਮਿਲੀ ਤੇ ਉਹ ਘਰੇਲੂ ਕ੍ਰਿਕਟ ’ਚ ਖੇਡੇ। ਪ੍ਰਿਥਵੀ ਸ਼ਾਹ ਵਿਜੇ ਹਜ਼ਾਰੇ ਟਰਾਫ਼ੀ ਦੇ ਸੰਸਕਰਣ ’ਚ 800 ਦੌੜਾਂ ਬਣਾਉਣ ਵਾਲੇ ਪਹਿਲੇ ਕ੍ਰਿਕਟਰ ਬਣੇ। ਇਸ ਤੋਂ ਇਲਾਵਾ ਉਨ੍ਹਾਂ ਨੇ ਦਿੱਲੀ ਕੈਪੀਟਲਜ਼ ਲਈ ਖੇਡਦੇ ਹੋਏ ਵੀ 8 ਪਾਰੀਆਂ ’ਚ 38.50 ਦੀ ਔਸਤ ਨਾਲ 308 ਦੌੜਾਂ ਬਣਾਈਆਂ ਤੇ ਆਈ. ਪੀ. ਐੱਲ. 2021 ’ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਟਾਪ ਪੰਜ ਬੱਲੇਬਾਜ਼ਾਂ ਦੀ ਲਿਸਟ ’ਚ ਵੀ ਜਗ੍ਹਾ ਬਣਾਈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ। 

Tarsem Singh

This news is Content Editor Tarsem Singh