ਨਿਊਜ਼ੀਲੈਂਡ ਗ੍ਰਾਂ ਪ੍ਰੀ : ਪ੍ਰਣਯ ਤੇ ਕਸ਼ਯਪ ਦਾ ਦੂਜੇ ਦੌਰ ''ਚ ਪ੍ਰਵੇਸ਼, ਜੈਰਾਮ ਬਾਹਰ

08/01/2017 6:49:39 PM

ਆਕਲੈਂਡ— ਐੱਚ. ਐੱਸ. ਪ੍ਰਣਯ ਅਤੇ ਉਪਜੇਤੂ ਹਮਵਤਨ ਖਿਡਾਰੀ ਪਾਰੂਪੱਲੀ ਕਸ਼ਯਪ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦੇ ਹੋਏ ਇਕ ਲੱਖ 20 ਹਜ਼ਾਰ ਡਾਲਰ ਦੀ ਇਨਾਮੀ ਰਾਸ਼ੀ ਵਾਲੇ ਨਿਊਜ਼ੀਲੈਂਡ ਗ੍ਰਾਂ ਪ੍ਰੀ ਗੋਲਡ ਬੈਡਮਿੰਟਨ ਟੂਰਨਾਮੈਂਟ ਦੇ ਪੁਰਸ਼ ਸਿੰਗਲਜ਼ ਮੁਕਾਬਲੇ ਦੇ ਦੂਜੇ ਦੌਰ 'ਚ ਮੰਗਲਵਾਰ ਨੂੰ ਪ੍ਰਵੇਸ਼ ਕਰ ਲਿਆ ਪਰ ਅਜੇ ਜੈਰਾਮ ਪਹਿਲੇ ਹੀ ਦੌਰ 'ਚ ਹਾਰ ਕੇ ਬਾਹਰ ਹੋ ਗਿਆ। ਚੌਥੀ ਸੀਡ ਪ੍ਰਣਯ ਨੇ ਇੰਡੋਨੇਸ਼ੀਆ ਦੇ ਸ਼ੇਸਾਰ ਹਿਰੇਨ ਰੂਸਤਾਵਿਤੋ ਨੂੰ 21-14, 21-16 ਨਾਲ ਹਰਾ ਕੇ ਅਗਲੇ ਦੌਰ 'ਚ ਪ੍ਰਵੇਸ਼ ਕੀਤਾ, ਜਿਥੇ ਹੁਣ ਉਸ ਦਾ ਸਾਹਮਣਾ ਇੰਡੋਨੇਸ਼ੀਆ ਦੇ ਫਰਮਾਨ ਅਬਦੁਲ ਕੋਹਲਿਕ ਨਾਲ ਹੋਵੇਗਾ। ਪ੍ਰਣਯ ਤੋਂ ਇਲਾਵਾ 15ਵੀਂ ਸੀਡ ਕਸ਼ਯਪ ਨੇ ਇਡੋਨੇਸ਼ੀਆ ਦੇ ਹੀ ਡਾਇਨੀਸਿਯੁਸ ਰੁੰਬਾਕਾ ਨੂੰ 21-5, 21-10 ਨਾਲ ਹਰਾ ਕੇ ਦੂਜੇ ਦੌਰ 'ਚ ਪ੍ਰਵੇਸ਼ ਕੀਤਾ, ਜਿਥੇ ਉਸ ਦੇ ਸਾਹਮਣੇ ਸਥਾਨਕ ਖਿਡਾਰੀ ਓਸਕਰ ਗੁਆਓ ਦੀ ਚੁਣੌਤੀ ਹੋਵੇਗੀ।
ਜੈ ਰਾਮ ਨੂੰ ਚੀਨੀ ਤਾਈਪੇ ਦੇ ਚਿਆ ਹੁੰਗ ਲੁ ਦੇ ਹੱਥੋਂ 19-21, 13-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਨੌਜਵਾਨ ਖਿਡਾਰੀਆਂ 'ਚੋਂ 7ਵੇਂ ਸੀਡ ਸੌਰਵ ਵਰਮਾ ਨੇ ਆਸਟ੍ਰੇਲੀਆ ਦੇ ਨਾਥਨ ਟੇਂਗ ਨੂੰ 21-17, 21-15 ਨਾਲ, 16ਵੇਂ ਸੀਡ ਸੀਰੀਲ ਵਰਮਾ ਨੇ ਇੰਡੋਨੇਸ਼ੀਆ ਦੇ ਰਿਆਂਤੋ ਸੁਬਗਜਾ ਨੂੰ 21-13, 21-12 ਨਾਲ, ਪ੍ਰਤੁਲ ਜੋਸ਼ੀ ਨੇ ਸਥਾਨਕ ਖਿਡਾਰੀ ਡੈਕਸਨ ਵੋਂਗ ਨੂੰ 21-10, 21-10 ਨਾਲ ਹਰਾ ਕੇ ਦੂਜੇ ਦੌਰ 'ਚ ਜਗ੍ਹਾ ਬਣਾਈ ਲਈ ਹੈ।