ਪ੍ਰਣਯ ਨੇ ਲੀ ਅਤੇ ਸ਼੍ਰੀਕਾਂਤ ਨੇ ਯੋਰਗੇਸੇਨ ਨੂੰ ਹਰਾ ਕੇ ਕੀਤਾ ਉਲਟਫੇਰ

06/15/2017 5:58:22 PM

ਜਕਾਰਤਾ— ਭਾਰਤ ਦੇ ਐੱਚ.ਐੱਸ. ਪ੍ਰਣਯ ਨੇ ਦੁਨੀਆ ਦੇ ਨੰਬਰ ਇਕ ਖਿਡਾਰੀ ਮਲੇਸ਼ੀਆ ਦੇ ਲੀ ਚੋਂਗ ਵੇਈ ਨੂੰ ਸਿੱਧੇ ਗੇਮਾਂ 'ਚ ਹਰਾ ਕੇ ਇੰਡੋਨੇਸ਼ੀਆ ਸੁਪਰ ਸੀਰੀਜ਼ ਪ੍ਰੀਮੀਅਰ ਬੈਡਮਿੰਟਨ ਟੂਰਨਾਮੈਂਟ ਦੇ ਕੁਆਰਟਰਫਾਈਨਲ 'ਚ ਪ੍ਰਵੇਸ਼ ਕਰ ਲਿਆ। ਦੁਨੀਆ ਦੇ 25ਵੇਂ ਨੰਬਰ ਦੇ ਖਿਡਾਰੀ ਪ੍ਰਣਯ ਨੂੰ ਇਸ ਤੋਂ ਪਹਿਲਾਂ ਵੇਈ ਦੇ ਖਿਲਾਫ ਦੋਹਾਂ ਮੈਚਾਂ 'ਚ ਹਾਰ ਝਲਣੀ ਪਈ ਸੀ। ਉਨ੍ਹਾਂ ਤਿੰਨ ਵਾਰ ਦੇ ਓਲੰਪਿਕ ਚਾਂਦੀ ਤਮਗਾ ਜੇਤੂ ਵੇਈ ਨੂੰ 40 ਮਿੰਟ ਤੱਕ ਚਲੇ ਮੁਕਾਬਲੇ 'ਚ 21-10, 21-18 ਨਾਲ ਹਰਾਇਆ। 
ਪ੍ਰਣਯ ਨੇ ਪੱਤਰਕਾਰਾਂ ਨੂੰ ਕਿਹਾ, ''ਲੀ ਅੱਜ ਬੇਹੱਦ ਔਸਤ ਖੇਡੇ ਅਤੇ ਮੈਂ ਮੌਕੇ ਗੁਆਏ ਨਹੀਂ। ਮੈਨੂੰ ਇਹ ਮੈਚ ਜਿੱਤਣ ਦੀ ਬਹੁਤ ਖੁਸ਼ੀ ਹੈ। ਕੇ. ਸ਼੍ਰੀਕਾਂਤ ਨੇ ਵੀ ਚੌਥਾ ਦਰਜਾ ਪ੍ਰਾਪਤ ਡੈਨਮਾਰਕ ਦੇ ਯਾਨ ਓ ਯੋਰਗੇਸਨ ਨੂੰ 21-15, 20-22, 21-16 ਨਾਲ ਹਰਾ ਕੇ ਅੰਤਿਮ ਅੱਠ 'ਚ ਜਗ੍ਹਾ ਬਣਾਈ। ਉਨ੍ਹਾਂ ਕਿਹਾ, ''ਇਹ ਮੈਚ ਮੁਸ਼ਕਲ ਸੀ ਪਰ ਮੈਨੂੰ ਖਸ਼ੀ ਹੈ ਕਿ ਮੈਂ ਜਿੱਤ ਦਰਜ ਕੀਤੀ। ਪ੍ਰਣਯ ਦਾ ਸਾਹਮਣਾ ਹੁਣ ਓਲੰਪਿਕ ਚੈਂਪੀਅਨ ਚੀਨ ਦੇ ਚੇਨ ਲੋਂਗ ਨਾਲ ਹੋਵੇਗਾ ਜਦਕਿ ਸ਼੍ਰੀਕਾਂਤ ਦਾ ਮੁਕਾਬਲਾ ਚੀਨੀ ਤਾਈਪੇ ਦੇ ਝੂ ਵੇਈ ਵਾਂਗ ਅਤੇ ਹਾਂਗਕਾਂਗ ਦੇ ਐਂਗ ਕਾ ਲੋਂਗ ਏਂਗਸ ਦੇ ਵਿਚਾਲੇ ਹੋਣ ਵਾਲੇ ਮੈਚ ਦੇ ਜੇਤੂ ਨਾਲ ਹੋਵੇਗਾ।