ਪਿਤਾ ਸਨ ਡਰਾਈਵਰ, ਨਾ ਪੈਸੇ ਸਨ ਨਾ ਸੁਪਨੇ, ਫਾਈਨਲ ਹਾਰੇ ਪਰ ਇਸ ਖਿਡਾਰਨ ਨੇ ਜਿੱਤੇ ਕਰੋੜਾਂ ਦਿਲ

07/24/2017 3:35:39 PM

ਨਵੀਂ ਦਿੱਲੀ— ਬੇਸ਼ੱਕ ਐਤਵਾਰ ਰਾਤ ਮਹਿਲਾ ਵਿਸ਼ਵ ਕੱਪ ਜਿੱਤਣ ਦਾ ਭਾਰਤ ਦਾ ਸੁਪਨਾ ਟੁੱਟ ਗਿਆ ਪਰ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਇਸ ਫਾਈਨਲ ਮੈਚ ਅਤੇ ਪੂਰੇ ਟੂਰਨਾਮੈਂਟ ਵਿੱਚ ਕਰੋੜਾਂ ਦਿਲਾਂ ਉੱਤੇ ਰਾਜ ਕੀਤਾ। ਇਸ ਟੀਮ ਵਿੱਚ ਕਈ ਅਜਿਹੀਆਂ ਖਿਡਾਰਨਾਂ ਮੌਜੂਦ ਹਨ ਜਿਨ੍ਹਾਂ ਦੀ ਕਹਾਣੀ ਹੌਂਸਲੇ ਨਾਲ ਭਰੀ ਹੈ। ਉਨ੍ਹਾਂ ਵਿੱਚ ਇੱਕ 27 ਸਾਲਾਂ ਦੀ ਓਪਨਰ ਪੂਨਮ ਰਾਓਤ ਵੀ ਹੈ ਜਿਨ੍ਹਾਂ ਨੇ ਐਤਵਾਰ ਨੂੰ ਆਪਣੀ ਪਾਰੀ ਨਾਲ ਕਰੋੜਾਂ ਲੋਕਾਂ ਦਾ ਦਿਲ ਜਿੱਤਿਆ।
ਫਾਈਨਲ ਵਿੱਚ ਲਾਜਵਾਬ ਪਾਰੀ
ਵਿਸ਼ਵ ਕੱਪ ਫਾਈਨਲ ਵਿੱਚ ਇੰਗਲੈਂਡ ਨੇ ਭਾਰਤ ਨੂੰ 229 ਦੌੜਾਂ ਦਾ ਟੀਚਾ ਦਿੱਤਾ ਸੀ। ਭਾਰਤੀ ਟੀਮ ਨੇ 43 ਦੌੜਾਂ ਉੱਤੇ ਆਪਣੀਆਂ ਦੋ ਅਹਿਮ ਵਿਕਟਾਂ ਗੁਆ ਦਿੱਤੀਆਂ ਸਨ। ਅਜਿਹੇ ਸਮੇਂ 'ਤੇ ਓਪਨਰ ਪੂਨਮ ਰਾਓਤ ਨੇ ਮੋਰਚਾ ਸੰਭਾਲਿਆ। ਉਨ੍ਹਾਂ ਨੇ ਸੈਮੀਫਾਈਨਲ ਵਿੱਚ 171 ਦੌੜਾਂ ਦੀ ਇਤਿਹਾਸਿਕ ਪਾਰੀ ਖੇਡਣ ਵਾਲੀ ਹਰਮਨਪ੍ਰੀਤ ਕੌਰ (51) ਨਾਲ ਹੌਲੀ-ਹੌਲੀ ਪਾਰੀ ਨੂੰ ਅੱਗੇ ਵਧਾਇਆ। ਹਰਮਨਪ੍ਰੀਤ ਅਤੇ ਪੂਨਮ ਦਰਮਿਆਨ ਤੀਸਰੇ ਵਿਕਟ ਲਈ 95 ਦੌੜਾਂ ਦੀ ਸਾਂਝੇਦਾਰੀ ਹੋਈ ਜਿਨ੍ਹਾਂ ਨੇ ਇੱਕ ਵਾਰ ਫਿਰ ਮੈਚ ਭਾਰਤ ਦੇ ਪਾਸੇ ਵੱਲ ਮੋੜ ਦਿੱਤਾ ਸੀ। ਹਰਮਨ ਤਾਂ ਆਉਟ ਹੋ ਗਈ ਪਰ ਪੂਨਮ ਦਾ ਧਮਾਲ ਜਾਰੀ ਰਿਹਾ। ਪੂਨਮ 43ਵੇਂ ਓਵਰ ਵਿੱਚ ਆਊਟ ਜ਼ਰੂਰ ਹੋ ਗਈ ਪਰ ਆਊਟ ਹੋਣ ਤੋਂ ਪਹਿਲਾਂ ਉਨ੍ਹਾਂ ਨੇ 115 ਗੇਂਦਾਂ ਉੱਤੇ 86 ਦੌੜਾਂ ਦੀ ਅਜਿਹੀ ਪਾਰੀ ਖੇਡੀ ਜਿਸ ਨੇ ਕਰੋੜਾਂ ਦਿਲ ਜਿੱਤ ਲਏ। ਹਾਲਾਂਕਿ ਆਖਰ ਵਿੱਚ ਭਾਰਤੀ ਬੱਲੇਬਾਜ਼ੀ ਕ੍ਰਮ ਅਜਿਹਾ ਲੜ-ਖੜਾਇਆ ਕਿ 48.4 ਓਵਰਾਂ ਵਿੱਚ 219 ਦੌੜਾਂ ਉੱਤੇ ਹੀ ਟੀਮ ਆਊਟ ਹੋ ਗਈ ਅਤੇ 9 ਦੌੜਾਂ ਨਾਲ ਮੈਚ ਗੁਆ ਦਿੱਤਾ।
ਪਿਤਾ-ਧੀ ਨੇ ਕੀਤਾ ਸੰਘਰਸ਼, ਮਿਹਨਤ ਲਿਆਈ ਰੰਗ
ਪੂਨਮ ਦੇ ਪਿਤਾ ਮੁੰਬਈ ਵਿੱਚ ਇੱਕ ਨਿੱਜੀ ਕੰਪਨੀ ਵਿੱਚ ਡਰਾਈਵਰ ਦੀ ਨੌਕਰੀ ਕਰਦੇ ਹਨ। ਇੱਕ ਸਮਾਂ ਸੀ ਜਦੋਂ ਮੁੰਬਈ ਵਿੱਚ ਉਨ੍ਹਾਂ ਦਾ ਪਰਿਵਾਰ ਇੱਕ ਚਾਲ ਵਿੱਚ ਰਹਿੰਦਾ ਸੀ। ਉਸ ਸਮੇਂ ਪੂਨਮ ਕ੍ਰਿਕਟ ਖੇਡਣਾ ਚਾਹੁੰਦੀ ਸੀ ਪਰ ਪੈਸਿਆਂ ਦੇ ਆਭਾਵ ਨੂੰ ਵੇਖਦੇ ਹੋਏ ਉਨ੍ਹਾਂ ਨੇ ਕਦੇ ਵੱਡੇ ਸੁਪਨੇ ਨਹੀਂ ਵੇਖੇ। ਹਾਲਾਂਕਿ ਉਨ੍ਹਾਂ ਦੇ ਪਿਤਾ ਜੋ ਕਦੇ ਕ੍ਰਿਕਟਰ ਬਨਣਾ ਚਾਹੁੰਦੇ ਸਨ, ਉਹ ਆਪਣੀ ਧੀ ਨੂੰ ਨਿਰਾਸ਼ ਨਹੀਂ ਵੇਖ ਪਾ ਰਹੇ ਸਨ। ਇੱਕ ਰਿਪੋਰਟ ਮੁਤਾਬਕ ਅੱਜ ਤੋਂ ਤਕਰੀਬਨ 18 ਸਾਲ ਪਹਿਲਾਂ ਪੂਨਮ ਦੇ ਪਿਤਾ ਜਿਨ੍ਹਾਂ ਦੇ ਲਈ ਕੰਮ ਕਰਦੇ ਸਨ ਉਨ੍ਹਾਂ ਨੇ ਤਕਰੀਬਨ ਦਸ ਹਜ਼ਾਰ ਰੁਪਏ ਦਿੱਤੇ ਅਤੇ ਇਸ ਤੋਂ ਉਨ੍ਹਾਂ ਨੇ ਆਪਣੀ ਧੀ ਲਈ ਕ੍ਰਿਕਟ ਲਈ ਜ਼ਰੂਰੀ ਸਾਮਾਨ ਖਰੀਦਿਆ ਅਤੇ ਪੂਨਮ ਦਾ ਦਾਖਲਾ ਕ੍ਰਿਕਟ ਅਕਾਦਮੀ ਵਿੱਚ ਕਰਾਇਆ। ਪੂਨਮ ਨੇ ਖੂਬ ਮਿਹਨਤ ਕੀਤੀ, ਮੁੰਬਈ ਅੰਡਰ-14 ਤੋਂ ਲੈ ਕੇ ਮੁੰਬਈ ਅੰਡਰ-19 ਤੱਕ ਦਾ ਸਫਰ ਤੈਅ ਕੀਤਾ ਅਤੇ 2009 ਵਿੱਚ ਪਹਿਲੀ ਵਾਰ ਭਾਰਤੀ ਵਨਡੇ ਟੀਮ ਵਿੱਚ ਜਗ੍ਹਾ ਹਾਸਲ ਕੀਤੀ। ਮਈ 2015 ਵਿੱਚ  ਪੂਰੀ ਦੁਨੀਆ ਵਿੱਚ ਪੂਨਮ ਦੀ ਚਰਚਾ ਹੋਣ ਲੱਗੀ ਜਦੋਂ ਦੱਖਣ ਅਫਰੀਕਾ ਵਿੱਚ ਖੇਡਦੇ ਹੋਏ ਆਇਰਲੈਂਡ ਖਿਲਾਫ ਵਨਡੇ ਮੈਚ ਵਿੱਚ ਉਨ੍ਹਾਂ ਨੇ ਆਪਣਾ ਪਹਿਲਾ ਸੈਂਕੜਾ (116 ਗੇਂਦਾਂ ਵਿੱਚ 109 ਦੌੜਾਂ) ਬਣਾਇਆ ਸੀ।