ਕੋਹਲੀ, ਸਮਿਥ ਤੇ ਇਨ੍ਹਾਂ ਸਟਾਰ ਖਿਡਾਰੀਆਂ ਨੂੰ ਲੈ ਕੇ ਪੋਂਟਿੰਗ ਨੇ ਦਿੱਤਾ ਵੱਡਾ ਬਿਆਨ

12/17/2017 2:10:11 PM

ਨਵੀਂ ਦਿੱਲੀ (ਬਿਊਰੋ)— ਆਸਟਰੇਲੀਆਈ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਰਿਕੀ ਪੋਟਿੰਗ ਨੇ ਸਟੀਵ ਸਮਿਥ ਦੀ ਕਾਫ਼ੀ ਤਾਰੀਫ ਕੀਤੀ ਹੈ। ਖਾਸ ਕਰਕੇ ਟੈਸਟ ਮੈਚਾਂ ਵਿਚ ਜਿਸ ਤਰ੍ਹਾਂ ਸਮਿਥ ਬੱਲੇਬਾਜ਼ੀ ਕਰ ਰਹੇ ਹਨ ਉਸ ਤੋਂ ਕੰਗਾਰੂ ਟੀਮ ਦੇ ਸਾਬਕਾ ਵਿਸ਼ਵ ਜੇਤੂ ਕਪਤਾਨ ਪੋਟਿੰਗ ਕਾਫ਼ੀ ਪ੍ਰਭਾਵਿਤ ਹਨ। ਉਨ੍ਹਾਂ ਨੇ ਸਟੀਵ ਸਮਿਥ ਨੂੰ ਦੁਨੀਆ ਦਾ ਸਭ ਤੋਂ ਵਧੀਆ ਬੱਲੇਬਾਜ਼ ਦੱਸਿਆ ਹੈ, ਹਾਲਾਂਕਿ ਪੋਟਿੰਗ ਨੇ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੂੰ ਵੀ ਇਸ ਸਮੇਂ ਦਾ ਵਧੀਆ ਬੱਲੇਬਾਜ਼ ਦੱਸਿਆ ਹੈ।

ਵਿਰਾਟ ਦਾ ਪੱਧਰ ਕਾਫੀ ਉੱਚਾ
ਪੋਟਿੰਗ ਨੇ ਕਿਹਾ ਕਿ ਤੁਸੀ ਦੁਨੀਆ ਭਰ ਦੇ ਹੋਰ ਵਧੀਆ ਬੱਲੇਬਾਜ਼ਾਂ ਨੂੰ ਵੇਖੋ ਉਨ੍ਹਾਂ ਵਿਚ ਵਿਰਾਟ ਕੋਹਲੀ ਦਾ ਪੱਧਰ ਕਾਫ਼ੀ ਉੱਚਾ ਹੈ। ਪਰ ਜਿੱਥੇ ਤੱਕ ਕੇਨ ਵਿਲੀਅਸਨ ਅਤੇ ਜੋ ਰੂਟ ਦੀ ਗੱਲ ਹੈ ਤਾਂ ਮੈਨੂੰ ਨਹੀਂ ਲੱਗਦਾ ਕਿ ਉਹ ਸਟੀਵ ਸਮਿਥ ਦੇ ਆਸਪਾਸ ਹਨ। ਪੋਟਿੰਗ ਨੇ ਕਿਹਾ ਕਿ ਮੈਂ ਇਹ ਕਾਫ਼ੀ ਸਮੇਂ ਤੋਂ ਕਹਿ ਰਿਹਾ ਹਾਂ।

4 ਸਾਲ ਲਗਾਤਾਰ 1000 ਤੋਂ ਜ਼ਿਆਦਾ ਦੌੜਾਂ
ਜ਼ਿਕਰਯੋਗ ਹੈ ਸਟੀਵ ਸਮਿਥ ਇਸ ਸਮੇਂ ਆਈ.ਸੀ.ਸੀ. ਟੈਸਟ ਰੈਂਕਿੰਗ ਵਿਚ ਨੰਬਰ ਇੱਕ 'ਤੇ ਹਨ। ਪਰਥ ਵਿਚ ਇੰਗਲੈਂਡ ਖਿਲਾਫ ਖੇਡੇ ਜਾ ਰਹੇ ਤੀਸਰੇ ਏਸ਼ੇਜ਼ ਟੈਸਟ ਵਿਚ ਉਨ੍ਹਾਂ ਨੇ ਸ਼ਾਨਦਾਰ ਦੋਹਰਾ ਸੈਂਕੜਾ ਲਗਾਇਆ। ਇਸ ਤੋਂ ਪਹਿਲਾਂ ਵੀ ਉਹ ਇਸ ਸੀਰੀਜ਼ ਵਿਚ ਇਕ ਹੋਰ ਸੈਂਕੜਾ ਲਗਾ ਚੁੱਕੇ ਹਨ। ਪਰਥ ਵਿਚ ਦੋਹਰਾ ਸੈਂਕੜਾ ਲਗਾਉਣ ਦੇ ਬਾਅਦ ਉਹ ਟੈਸਟ ਕ੍ਰਿਕਟ ਦੇ ਇਤਿਹਾਸ ਵਿਚ ਇਕ ਕੈਲੇਂਡਰ ਸਾਲ ਵਿਚ ਲਗਾਤਾਰ 4 ਵਾਰ 1000 ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਦੂਜੇ ਬੱਲੇਬਾਜ਼ ਬਣ ਗਏ ਹਨ।

ਟੈਸਟ 'ਚ ਸਮਿਥ ਤੋਂ ਥੋੜ੍ਹਾ ਹੀ ਪਿੱਛੇ ਹਨ ਵਿਰਾਟ
ਅਕਸਰ ਵਿਰਾਟ ਕੋਹਲੀ, ਸਟੀਵ ਸਮਿਥ, ਕੇਨ ਵਿਲੀਅਮਸਨ ਅਤੇ ਜੋ ਰੂਟ ਦੀ ਤੁਲਨਾ ਹੁੰਦੀ ਹੈ। ਹਾਲਾਂਕਿ ਜੋ ਰੂਟ ਏਸ਼ੇਜ਼ ਸੀਰੀਜ਼ ਵਿਚ ਹੁਣ ਤੱਕ ਆਪਣੇ ਨਾਮ ਮੁਤਾਬਕ ਪ੍ਰਦਰਸ਼ਨ ਨਹੀਂ ਕਰ ਪਾਏ ਹਨ। ਉਥੇ ਹੀ ਕਪਤਾਨ ਵਿਰਾਟ ਕੋਹਲੀ ਹਾਲ ਹੀ ਵਿਚ ਸ਼੍ਰੀਲੰਕਾ ਖਿਲਾਫ ਟੈਸਟ ਸੀਰੀਜ਼ ਵਿਚ ਲਗਾਤਾਰ 2 ਦੋਹਰੇ ਸੈਂਕੜੇ ਜੜ ਚੁੱਕੇ ਹਨ। ਉਥੇ ਹੀ ਕੇਨ ਵਿਲੀਅਮਸਨ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਵੈਸਟਇੰਡੀਜ  ਖਿਲਾਫ ਟੈਸਟ ਸੀਰੀਜ਼ ਵਿਚ ਉਨ੍ਹਾਂ ਦਾ ਪ੍ਰਦਰਸ਼ਨ ਠੀਕ-ਠਾਕ ਰਿਹਾ ਸੀ। ਹਾਲਾਂਕਿ ਕੋਹਲੀ ਟੈਸਟ ਕ੍ਰਿਕਟ ਵਿਚ ਸਟੀਵ ਸਮਿਥ ਤੋਂ ਜ਼ਿਆਦਾ ਪਿੱਛੇ ਨਹੀਂ ਹਨ। ਸਟੀਵ ਸਮਿਥ ਦੇ ਨਾਮ ਜਿੱਥੇ 22 ਟੈਸਟ ਸੈਂਕੜੇ ਹਨ ਤਾਂ ਵਿਰਾਟ ਕੋਹਲੀ ਹੁਣ ਤੱਕ 20 ਸੈਂਕੜੇ ਲਗਾ ਚੁੱਕੇ ਹਨ। ਹਾਲਾਂਕਿ ਵਨਡੇ ਕ੍ਰਿਕਟ ਵਿਚ ਵਿਰਾਟ 32 ਸੈਂਕੜੇ ਜੜ ਚੁੱਕੇ ਹਨ।