ਨਹਿਰੂ ਹਾਕੀ ਟੂਰਨਾਮੈਂਟ : ਪੰਜਾਬ ਪੁਲਸ ਤੇ PNB ਖਿਡਾਰੀਆਂ ਵਿਚਾਲੇ ਕੁੱਟਮਾਰ ਤੋਂ ਬਾਅਦ ਲੱਗਾ ਬੈਨ

11/26/2019 2:04:06 PM

ਨਵੀਂ ਦਿੱਲੀ : ਪੰਜਾਬ ਪੁਲਸ ਅਤੇ ਪੰਜਾਬ ਨੈਸ਼ਨਲ ਬੈਂਕ (ਪੀ. ਐੱਨ. ਬੀ.) ਦੇ ਖਿਡਾਰੀ 56ਵੇਂ ਨਹਿਰੂ ਹਾਕੀ ਟੂਰਨਾਮੈਂਟ ਦੇ ਫਾਈਨਲ ਦੌਰਾਨ ਸੋਮਵਾਰ ਨੂੰ ਇੱਥੇ ਮੈਦਾਨ 'ਤੇ ਹੀ ਆਪਸ 'ਚ ਭਿੜ ਗਏ, ਜਿਸ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਇਸ ਘਟਨਾ ਤੋਂ ਬਾਅਦ ਹਾਕੀ ਇੰਡੀਆ ਨੇ ਦੋਵਾਂ ਟੀਮਾਂ 'ਤੇ ਪਾਬੰਦੀ ਲਗਾ ਦਿੱਤੀ ਹੈ। ਦੱਸ ਦਈਏ ਕਿ ਪੰਜਾਬ ਪੁਲਸ 'ਤੇ 4 ਸਾਲ ਜਦਕਿ ਪੀ. ਐੱਨ. ਬੀ. 'ਤੇ 2 ਸਾਲ ਦੀ ਪਾਬੰਦੀ ਲਗਾ ਦਿੱਤੀ ਗਈ ਹੈ। ਰਾਸ਼ਟਰੀ ਮਹਾਸੰਘ ਹਾਕੀ ਇੰਡੀਆ ਨੇ ਇਸ 'ਤੇ ਟੂਰਨਾਮੈਂਟ ਦੇ ਆਯੋਜਕਾਂ ਤੋਂ ਪੂਰੀ ਰਿਪੋਰਟ ਮੰਗੀ ਹੈ। ਝਗੜਾ ਉਸ ਸਮੇਂ ਸ਼ੁਰੂ ਹੋਇਆ ਜਦੋਂ ਦੋਵੇਂ ਟੀਮਾਂ 3-3 ਗੋਲ ਦੀ ਬਰਾਬਰੀ 'ਤੇ ਸੀ ਅਤੇ ਗੇਂਦ ਪੰਜਾਬ ਪੁਲਸ ਦੇ ਸਰਕਲ ਵਿਚ ਪੀ. ਐੱਨ. ਬੀ. ਦੇ ਕੋਲ ਸੀ। ਖਿਡਾਰੀ ਮੈਦਾਨ 'ਤੇ ਹੀ ਇਕ-ਦੂਜੇ ਨਾਲ ਲੱਤਾਂ-ਮੁੱਕੇ ਅਤੇ ਹਾਕੀ ਸਟਿਕਾਂ ਨਾਲ ਕੁੱਟਮਾਰ ਕਰਨ ਲੱਗੇ।

ਇਸ ਤੋਂ ਬਾਅਦ ਟੂਰਨਾਮੈਂਟ ਦੇ ਅਧਿਕਾਰੀ ਬਚਾਅ ਕਰਨ ਲਈ ਗਏ। ਖੇਡ ਕੁਝ ਦੇਰ ਤਕ ਰੁਕਿਆ ਰਿਹਾ, ਜਿਸ ਤੋ ਬਾਅਦ ਦੋਵਾਂ ਟੀਮਾਂ ਦੇ 8-8 ਖਿਡਾਰੀਆਂ ਦੇ ਨਾਲ ਮੈਚ ਸ਼ੁਰੂ ਕੀਤਾ ਗਿਆ। ਦੋਵਾਂ ਟੀਮਾਂ ਦੇ 3-3 ਖਿਡਾਰੀਆਂ ਨੂੰ ਲਾਲ ਕਾਰਡ ਦਿਖਾਇਆ ਗਿਆ। ਇਸ ਤੋਂ ਇਲਾਵਾ ਪੰਜਾਬ ਪੁਲਸ ਦੇ ਮੈਨੇਜਰ ਨੂੰ ਵੀ ਆਪਣੇ ਖਿਡਾਰੀਆਂ ਨੂੰ ਭੜਕਾਉਣ ਲਈ ਲਾਲ ਕਾਰਡ ਮਿਲਿਆ।

ਹਾਕੀ ਇੰਡੀਆ ਦੀ ਸੀ. ਈ. ਓ. ਇਲੇਨਾ ਨੋਰਮਨ ਨੇ ਕਿਹਾ, ''ਅਸੀਂ ਟੂਰਨਾਮੈਂਟ ਦੇ ਅਧਿਕਾਰੀਆਂ ਤੋਂ ਅਧਿਕਾਰਤ ਰਿਪੋਰਟ ਮੰਗੀ ਹੈ। ਇਸ ਦੇ ਆਧਾਰ 'ਤੇ ਹਾਕੀ ਇੰਡੀਆ ਜ਼ਰੂਰੀ ਕਰਾਵਾਈ ਕਰੇਗਾ। ਟੂਰਨਾਮੈਂਟ ਦੇ ਨਿਰਦੇਸ਼ਕ ਨਾਲ ਸੰਪਰਕ ਕਰਨ ਦੀਆਂ ਸਾਰੀਆਂ ਕੋਸ਼ਿਸ਼ਾਂ ਨਾਕਾਮ ਸਾਬਤ ਹੋਈਆਂ ਹਨ।''