PM ਮੋਦੀ ਨੇ ਭਾਰਤੀ ਰਾਸ਼ਟਰ ਮੰਡਲ ਦਲ ਨੂੰ ਕਿਹਾ- ਟੀਚਾ ਤਿਰੰਗੇ ਨੂੰ ਲਹਿਰਾਉਣਾ ਹੈ

07/20/2022 12:08:49 PM

ਨਵੀਂ ਦਿੱਲੀ- ਬਰਮਿੰਘਮ ਰਾਸ਼ਟਰ ਮੰਡਲ ਖੇਡਾਂ 'ਚ ਹਿੱਸਾ ਲੈਣ ਜਾ ਰਹੇ ਭਾਰਤੀ ਖਿਡਾਰੀਆਂ ਨੂੰ ਹੱਲਾਸ਼ੇਰੀ ਦਿੰਦੇ ਹੋਏ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਬਿਨਾ ਕਿਸੇ ਤਣਾਅ ਦੇ ਖ਼ੂਬ ਖੇਡਣ ਦਾ ਸੱਦਾ ਦਿੰਦੇ ਹੋਏ ਕਿਹਾ ਕਿ ਉਹ ਆਜ਼ਾਦੀ ਦੇ 75ਵੇਂ ਸਾਲ 'ਚ ਸ਼੍ਰੇਸਠ ਪ੍ਰਦਰਸ਼ਨ ਦਾ ਤੋਹਫਾ ਦੇਸ਼ ਨੂੰ ਦੇਣ ਦੇ ਇਰਾਦੇ ਨਾਲ ਖੇਡਣ। 

ਇਹ ਵੀ ਪੜ੍ਹੋ : ਵਿਸ਼ਵ ਚੈਂਪੀਅਨਸ਼ਿਪ 'ਚ ਬੁਰੀ ਤਰ੍ਹਾਂ ਹਾਰੀ ਦੁਨੀਆ ਦੀ ਸਭ ਤੋਂ ਹੌਟ ਅਥਲੀਟ Alica Schmidt

ਬਰਮਿੰਘਮ 'ਚ 29 ਜੁਲਾਈ ਤੋਂ 8 ਅਗਸਤ ਤਕ ਹੋਣ ਵਾਲੀਆਂ ਰਾਸ਼ਟਰ ਮੰਡਲ ਖੇਡਾਂ 'ਚ ਹਿੱਸਾ ਲੈਣ ਜਾ ਰਹੇ ਖਿਡਾਰੀਆਂ ਤੋਂ ਪ੍ਰਧਾਨਮੰਤਰੀ ਮੋਦੀ ਨੇ ਲਗਭਗ 45 ਮਿੰਟ ਵਰਚੁਅਲ ਗੱਲਬਾਤ ਕਰਕੇ ਉਨ੍ਹਾਂ ਦਾ ਹੌਂਸਲਾ ਵਧਾਇਆ। ਇਸ ਤੋਂ ਪਹਿਲਾਂ ਉਨ੍ਹਾਂ ਨੇ ਪਿਛਲੇ ਸਾਲ ਟੋਕੀਓ ਓਲੰਪਿਕ ਤੇ ਪੈਰਾਲੰਪਿਕ ਖਿਡਾਰੀਆਂ ਨਾਲ ਵੀ ਗੱਲ ਕੀਤੀ ਸੀ। 

ਪ੍ਰਧਾਨਮੰਤਰੀ ਮੋਦੀ ਨੇ ਕਿਹਾ, ਜੋ ਖਿਡਾਰੀ ਪਹਿਲੀ ਵਾਰ ਇਨ੍ਹਾਂ ਖੇਡਾਂ 'ਚ ਹਿੱਸਾ ਲੈ ਰਹੇ ਹਨ, ਉਨ੍ਹਾਂ ਨੂੰ ਮੈਂ ਇਹੋ ਕਹਾਂਗਾ ਕਿ ਖ਼ੂਬ ਖੇਡਣ, ਰੱਜ ਕੇ ਖੇਡਣ ਤੇ ਬਿਨਾ ਕਿਸੇ ਤਣਾਅ ਦੇ ਖੇਡਣ।' ਇਕ ਪੁਰਾਣੀ ਕਵਾਹਤ ਹੈ ਕਿ ਕੋਈ ਨਹੀਂ ਹੈ ਟੱਕਰ 'ਚ ਕਿੱਥੇ ਪਏ ਹੋ ਚੱਕਰ 'ਚ। ਇਨ੍ਹਾਂ ਤੇਵਰਾਂ ਨਾਲ ਖੇਡੋ।' ਉਨ੍ਹਾਂ ਕਿਹਾ, 'ਮੈਦਾਨ ਬਦਲਿਆ ਹੈ, ਮਾਹੌਲ ਬਦਲਿਆ ਹੋਵੇਗਾ ਪਰ ਤੁਹਾਡਾ ਮਿਜਾਜ਼ ਨਹੀਂ ਬਦਲਿਆ ਹੈ। ਤੁਹਾਡੀ ਜ਼ਿੱਦ ਨਹੀਂ ਬਦਲੀ ਹੈ। ਟੀਚਾ ਉਹੀ ਹੈ ਕਿ ਤਿਰੰਗੇ ਨੂੰ ਲਹਿਰਾਉਂਦਾ ਦੇਖਣਾ ਹੈ। ਰਾਸ਼ਟਰ ਗਾਨ ਦੀ ਧੁੰਨ ਨੂੰ ਵੱਜਦੇ ਸੁਣਨਾ ਹੈ ਤੇ ਇਸ ਲਈ ਦਬਾਅ ਨਹੀਂ ਲੈਣਾ ਹੈ। ਚੰਗੀ ਤੇ ਦਮਦਾਰ ਖੇਡ ਨਾਲ ਆਪਣਾ ਪ੍ਰਭਾਵ ਛੱਡ ਕੇ ਆਉਣਾ ਹੈ।'

ਇਹ ਵੀ ਪੜ੍ਹੋ : ਇੰਗਲੈਂਡ ਦੇ ਸਾਬਕਾ ਕਪਤਾਨ ਨਾਸਿਰ ਹੁਸੈਨ ਨੇ ਅੰਤਰਰਾਸ਼ਟਰੀ ਕ੍ਰਿਕਟ ਪ੍ਰੋਗਰਾਮ ਨੂੰ 'ਮਜ਼ਾਕ' ਕਰਾਰ ਦਿੱਤਾ

ਉਨ੍ਹਾਂ ਅੱਗੇ ਕਿਹਾ, 'ਤੁਸੀਂ ਲੋਕ ਅਜਿਹੇ ਸਮੇਂ 'ਚ ਰਾਸ਼ਟਰ ਮੰਡਲ ਖੇਡਾਂ 'ਚ ਹਿੱਸਾ ਲੈ ਜਾ ਰਹੇ ਹੋ ਜਦੋਂ ਦੇਸ਼ ਆਜ਼ਾਦੀ ਦਾ 75ਵਾਂ ਸਾਲ ਮਨਾ ਰਿਹਾ ਹੈ। ਇਸੇ ਮੌਕੇ 'ਤੇ ਤੁਸੀਂ ਸ਼੍ਰੇਸਠ ਪ੍ਰਦਰਸ਼ਨ ਦਾ ਤੋਹਫਾ ਦੇਸ਼ ਨੂੰ ਦੇਵੋਗੇ, ਇਸੇ ਟੀਚੇ ਦੇ ਨਾਲ ਜਦੋਂ ਮੈਦਾਨ 'ਤੇ ਉਤਰੋਗੇ ਤਾਂ ਸਾਹਮਣੇ ਕੌਣ ਹੈ, ਇਸ ਗੱਲ ਨਾਲ ਫ਼ਰਕ ਨਹੀਂ ਪਵੇਗਾ।' ਪ੍ਰਧਾਨਮੰਤਰੀ ਨੇ ਇਸ ਮੌਕੇ 'ਤੇ ਸਟੀਪਲਚੇਸ ਖਿਡਾਰੀ ਅਵਿਨਾਸ਼ ਸਾਬਲੇ, ਵੇਟਲਿਫਟਰ ਅਚਿੰਤ ਸ਼ਿਉਲੇ, ਬੈੱਡਮਿੰਟਨ ਖਿਡਾਰੀ ਤ੍ਰਿਸਾ ਜੌਲੀ, ਹਾਕੀ ਖਿਡਾਰੀ ਸਲੀਮਾ ਟੇਟੇ, ਪੈਰਾ ਐਥਲੀਟ ਸ਼ਰਮਿਲਾ ਤੇ ਸਾਈਕਲਿਸਟ ਡੇਵਿਡ ਬੈਕਹਮ ਨਾਲ ਗੱਲ ਕਰਕੇ ਉਨ੍ਹਾਂ ਦੇ ਤਜਰਬਿਆ ਨੂੰ ਸੁਣਿਆ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।

Tarsem Singh

This news is Content Editor Tarsem Singh