ਜਦੋਂ ਸੂਰਜ ਦੀ ਤੇਜ਼ ਰੋਸ਼ਨੀ ਕਾਰਨ ਖਿਡਾਰੀਆਂ ਨੂੰ ਪਰਤਣਾ ਪਿਆ ਪਵੇਲੀਅਨ

01/23/2019 3:45:17 PM

ਨੇਪੀਅਰ : ਕ੍ਰਿਕਟ ਵਿਚ ਆਮ ਤੌਰ 'ਤੇ ਮੀਂਹ ਅਤੇ ਖਰਾਬ ਰੌਸ਼ਨੀ ਕਾਰਨ ਖੇਡ ਰੋਕਣ ਦੀਆਂ ਘਟਨਾਵਾਂ ਆਉਂਦੀਆਂ ਹੀ ਰਹਿੰਦੀਆਂ ਹਨ ਪਰ ਜਗਮਗਾਉਂਦਾ ਸੂਰਜ ਖੇਡ ਰੋਕ ਦਵੇ ਤਾਂ ਇਸ ਨੂੰ ਹੈਰਾਨੀ ਹੀ ਕਿਹਾ ਜਾਵੇਗਾ। ਅਜਿਹਾ ਹੀ ਪਲ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਬੁੱਧਵਾਰ ਨੂੰ ਮੈਕਲੀਨ ਪਾਰਕ ਵਿਚ ਪਹਿਲਾ ਵਨ ਡੇ ਦੌਰਾਨ ਦੇਖਣ ਨੂੰ ਮਿਲਿਆ। ਇਸ ਦਿਨ-ਰਾਤ ਮੈਚ ਵਿਚ ਭਾਰਤ ਨੇ ਡਿਨਰ ਬ੍ਰੇਕ 'ਤੇ ਜਾਣ ਤੱਕ 9 ਓਵਰ ਖੇਡੇ ਸੀ। ਬ੍ਰੇਕ ਤੋਂ ਬਾਅਦ ਜਦੋਂ ਖੇਡ ਸ਼ੁਰੂ ਹੋਇਆ ਤਾਂ ਇਕ ਓਵਰ ਤੋਂ ਬਾਅਦ ਹੀ ਖੇਡ ਰੋਕਣਾ ਪਿਆ। ਖੇਡ ਰੋਕਣ ਦਾ ਕਾਰਨ ਹੋਰ ਕੋਈ ਨਹੀਂ ਸੂਰਜ ਸੀ।

ਦਰਅਸਲ ਸਟੇਡੀਅਮ ਵਿਚ ਇਕ ਹਿੱਸੇ ਤੋਂ ਡੁਬਦੇ ਸੂਰਜ ਦੀਆਂ ਸਿੱਧੀਆਂ ਕਿਰਣਾ ਇਕ ਪਾਸੇ ਦੇ ਬੱਲੇਬਾਜ਼ਾਂ, ਵਿਕਟਕੀਪਰਾਂ, ਸਲਿਪ ਫੀਲਡਰ ਅਤੇ ਅੰਪਾਇਰ 'ਤੇ ਪੈ ਰਹੀਆਂ ਸੀ। ਇਸ ਅਜੀਬੋ-ਗਰੀਬ ਰੁਕਾਵਟ ਕਾਰਨ ਖੇਡ ਅੱਧਾ ਘੰਟਾ ਰੁਕਿਆ ਰਿਹਾ। ਕ੍ਰਿਕਟ ਇਤਿਹਾਸ ਵਿਚ ਅਜਿਹਾ ਪਹਿਲੀ ਵਾਰ ਹੋਇਆ ਕਿ ਸੂਰਜ ਕਾਰਨ ਖੇਡ ਰੋਕਣਾ ਪਿਆ। ਖੇਡ ਰੋਕਣ ਦੌਰਾਨ ਨੇਪੀਅਰ ਦੇ ਮੇਅਰ ਨੇ ਕਿਹਾ ਕਿ ਸਟੇਡੀਅਮ ਦੇ ਇਕ ਪਾਸੇ ਦੀ ਕਮੀ ਨੂੰ ਦੂਰ ਕੀਤਾ ਜਾਵੇਗਾ ਤਾਕਿ ਇਸ ਤਰ੍ਹਾਂ ਖੇਡ ਨਹੀਂ ਰੁਕੇ। ਅੱਧਾ ਘੰਟਾ ਖੇਡ ਖਰਾਬ ਹੋਣ ਕਾਰਨ ਭਾਰਤ ਲਈ ਟੀਚਾ 49 ਓਵਰਾਂ ਵਿਚ 156 ਦੌੜਾਂ ਕੀਤਾ ਗਿਆ।