ਫਿਡੇ ਸ਼ਤਰੰਜ ਵਿਸ਼ਵ ਕੱਪ-2019 :15 ਸਾਲਾ ਨਿਹਾਲ ਨੇ ਨੰਬਰ-1 ਜਾਰਜ ਕੋਰੀ ਨੂੰ ਹਰਾਇਆ

09/11/2019 11:39:03 AM

ਕਾਂਤੀ ਮਨਸਿਸਕ (ਨਿਕਲੇਸ਼ ਜੈਨ)— ਭਾਰਤ ਦੇ 3 ਖਿਡਾਰੀਆਂ ਪੇਂਟਾਲਾ ਹਰਿਕ੍ਰਿਸ਼ਣਾ, ਅਧਿਭਨ ਭਾਸਕਰਨ ਤੇ ਆਪਣਾ ਪਹਿਲਾ ਵਿਸ਼ਵ ਕੱਪ ਖੇਡ ਰਹੇ 15 ਸਾਲਾ ਨਿਹਾਲ ਸਰੀਨ ਨੇ ਫਿਡੇ ਸ਼ਤਰੰਜ ਵਿਸ਼ਵ ਕੱਪ-2019 ਵਿਚ ਜਿੱਤ ਦੇ ਨਾਲ ਸ਼ਾਨਦਾਰ ਸ਼ੁਰੂਆਤ ਕੀਤੀ ਜਦਕਿ ਵਿਦਿਤ ਗੁਜਰਾਤੀ, ਅਭਿਜੀਤ ਗੁਪਤਾ, ਮੁਰਲੀ ਕਾਰਤੀਕੇਅਨ, ਅਰਵਿੰਦ ਚਿਦਾਂਬਰਮ ਨੇ ਆਪਣੇ-ਆਪਣੇ ਮੁਕਾਬਲੇ ਡਰਾਅ ਖੇਡੇ ਤੇ ਸੂਰਯਾ ਸ਼ੇਖਰ ਗਾਂਗੁਲੀ, ਐੱਸ. ਐੱਲ. ਨਾਰਾਇਣਨ ਤੇ ਐੱਸ. ਪੀ. ਸੇਥੂਰਮਨ ਨੂੰ ਪਹਿਲੇ ਹੀ ਰਾਊਂਡ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ।

ਜ਼ਬਰਦਸਤ ਲੈਅ ਵਿਚ ਚੱਲ ਰਹੇ ਹਰਿਕ੍ਰਿਸ਼ਣਾ ਨੇ ਐਂਡ ਗੇਮ ਵਿਚ ਕਿਊਬਾ ਦੇ ਨੰਬਰ-1 ਖਿਡਾਰੀ ਜੂਰੀ ਗੋਂਜਲੇਸ ਨੂੰ ਕਾਲੇ ਮੋਹਰਿਆਂ ਨਾਲ ਹਰਾਇਆ। ਦੂਜੀ ਜਿੱਤ ਅਧਿਭਨ ਲੈ ਕੇ ਆਇਆ, ਜਿਸ ਨੇ ਵੀ ਕਾਲੇ ਮੋਹਰਿਆਂ ਵਿਚ ਜਿੱਤ ਦਰਜ ਕੀਤੀ। ਉਸ ਨੇ ਇੰਗਲਿਸ਼ ਓਪਨਿੰਗ ਵਿਚ ਵੈਨਜ਼ੂਏਲਾ ਦੇ ਨੰਬਰ-1 ਖਿਡਾਰੀ ਐਡੂਆਰਡੋ ਇਤੂਰਿਜਗਾ ਨੂੰ ਹਰਾਇਆ। 15 ਸਾਲਾ ਨਿਹਾਲ ਸਰੀਨ ਨੇ ਦੱਖਣੀ ਅਮਰੀਕੀ ਚੈਂਪੀਅਨ ਪੇਰੂ ਦੇ ਨੰਬਰ-1 ਖਿਡਾਰੀ ਜਾਰਜ ਕੋਰੀ ਨੂੰ ਹਰਾਉਂਦਿਆਂ ਵਿਸ਼ਵ ਕੱਪ ਵਿਚ ਆਪਣਾ ਸ਼ਾਨਦਾਰ ਆਗਾਜ਼ ਕੀਤਾ। ਇਨ੍ਹਾਂ ਤਿੰਨੇ ਖਿਡਾਰੀਆਂ ਨੂੰ ਹੁਣ ਅਗਲੇ ਰਾਊਂਡ ਵਿਚ ਜਾਣ ਲਈ ਕੱਲ ਸਿਰਫ ਡਰਾਅ ਦੀ ਹੀ ਲੋੜ ਹੈ।