ਆਈ. ਪੀ. ਐੱਲ.-11 ਖਿਲਾਫ ਮਦਰਾਸ ਹਾਈਕੋਰਟ ''ਚ ਪਟੀਸ਼ਨ

04/04/2018 10:38:58 PM

ਚੇਨਈ—ਇੰਡੀਅਨ ਪ੍ਰੀਮੀਅਰ ਲੀਗ ਦੇ 11ਵੇਂ ਪੜਾਅ ਦਾ ਆਯੋਜਨ ਰੋਕਣ ਲਈ ਮਦਰਾਸ ਹਾਈਕੋਰਟ ਵਿਚ ਬੀ. ਸੀ. ਸੀ. ਆਈ. ਖਿਲਾਫ ਅੱਜ ਇਕ ਜਨਹਿੱਤ ਪਟੀਸ਼ਨ ਦਾਇਰ ਕੀਤੀ ਗਈ ਹੈ। ਆਈ. ਪੀ. ਐੱਸ. ਅਧਿਕਾਰੀ ਜੀ. ਸੰਪਤਕੁਮਾਰ ਵੱਲੋਂ ਇਹ ਪਟੀਸ਼ਨ ਮੈਚ ਫਿਕਸਿੰਗ ਅਤੇ ਸੱਟੇਬਾਜ਼ੀ ਨੂੰ ਰੋਕਣ ਲਈ ਪੁਖਤਾ ਕਦਮਾਂ ਦੀ ਘਾਟ ਕਾਰਨ ਦਾਇਰ ਕੀਤੀ ਗਈ ਹੈ। 
ਇਹ ਸੈਸ਼ਨ 7 ਅਪ੍ਰੈਲ ਨੂੰ ਮੁੰਬਈ ਇੰਡੀਅਨਜ਼ ਅਤੇ ਚੇਨਈ ਸੁਪਰ ਕਿੰਗਜ਼ ਵਿਚਾਲੇ ਮੁੰਬਈ 'ਚ ਹੋਣ ਵਾਲੇ ਮੈਚ ਤੋਂ ਸ਼ੁਰੂ ਹੋਵੇਗਾ। ਮੁੱਖ ਜੱਜ ਇੰਦਰਾ ਬੈਨਰਜੀ ਅਤੇ ਜੱਜ ਏ. ਸੇਲਵਮ ਦੀ ਪਹਿਲੀ ਬੈਂਚ ਨੇ ਗ੍ਰਹਿ ਮੰਤਰਾਲੇ ਅਤੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੂੰ ਨੋਟਿਸ ਭੇਜਣ ਦਾ ਹੁਕਮ ਦਿੱਤਾ। ਬੈਂਚ ਨੇ ਸੁਣਵਾਈ ਦੀ ਮਿਤੀ 13 ਅਪ੍ਰੈਲ ਤੈਅ ਕੀਤੀ ਹੈ। 
ਹਾਲਾਂਕਿ ਬੈਂਚ ਨੇ ਕਿਹਾ ਕਿ ਮੈਚ ਫਿਕਸਿੰਗ ਦੀਆਂ ਸੰਭਾਵਨਾਵਾਂ ਅਤੇ ਹੋਰ ਉਲੰਘਣਾਵਾਂ ਕਾਰਨ ਟੂਰਨਾਮੈਂਟ ਨੂੰ ਕਿਵੇਂ ਰੋਕਿਆ ਜਾ ਸਕਦਾ ਹੈ। ਇਸ 'ਤੇ ਪਟੀਸ਼ਨਕਰਤਾ ਨੇ ਕਿਹਾ ਕਿ ਉਸ ਦਾ ਇਰਾਦਾ ਮੈਚ ਰੁਕਵਾਉਣ ਦਾ ਨਹੀਂ ਹੈ ਅਤੇ ਉਹ ਪਟੀਸ਼ਨ ਵਿਚ ਸੋਧ ਕਰਨ ਲਈ ਸਹਿਮਤ ਹੋ ਗਿਆ।