ਪਠਾਨ ਨੇ ਕੌਮਾਂਤਰੀ ਕ੍ਰਿਕਟ ਤੋਂ ਲਿਆ ਸੰਨਿਆਸ, 7 ਸਾਲਾਂ ਤੋਂ ਨਹੀਂ ਮਿਲੀ ਸੀ ਟੀਮ 'ਚ ਜਗ੍ਹਾ

01/04/2020 5:21:45 PM

ਨਵੀਂ ਦਿੱਲੀ : ਭਾਰਤੀ ਟੀਮ ਲਈ ਮੁੱਖ ਗੇਂਦਬਾਜ਼ ਰਹਿ ਚੁੱਕੇ ਇਰਫਾਨ ਪਠਾਨ ਨੇ ਕੌਮਾਂਤਰੀ ਕ੍ਰਿਕਟ ਦੇ ਸਾਰੇ ਫਾਰਮੈੱਟ 'ਚੋਂ ਸੰਨਿਆਸ ਦਾ ਐਲਾਨ ਕਰ ਦਿੱਤਾ ਹੈ। ਉਹ ਕਾਫੀ ਲੰਬੇ ਸਮੇਂ ਤੋਂ ਭਾਰਤੀ ਟੀਮ ਤੋਂ ਬਾਹਰ ਹਨ ਅਤੇ ਪਿਛਲੇ ਕੁਝ ਸਮੇਂ 'ਚ ਉਹ ਜੰਮੂ ਅਤੇ ਕਸ਼ਮੀਰ ਲਈ ਮੇਂਟਰ ਦੀ ਭੂਮਿਕਾ ਵੀ ਨਿਭਾ ਰਹੇ ਸਨ।

ਸ਼ਾਨਦਾਰ ਰਿਹਾ ਕਰੀਅਰ

ਇਰਫ਼ਾਨ ਪਠਾਨ ਨੇ ਭਾਰਤੀ ਟੀਮ ਲਈ ਟੈਸਟ ਕ੍ਰਿਕਟ 'ਚ 29 ਮੈਚ ਖੇਡੇ, ਜਿਸ 'ਚ 31.57 ਦੀ ਔਸਤ ਨਾਲ ਉਸ ਨੇ 1105 ਦੌੜਾਂ ਬਣਾਈਆਂ। ਇਸ ਵਿਚ 6 ਅਰਧ ਸੈਂਕੜੇ ਅਤੇ 1 ਸੈਂਕੜਾ ਵੀ ਸ਼ਾਮਲ ਹੈ। ਗੇਂਦਬਾਜ਼ੀ 'ਚ ਉਸ ਦੇ ਨਾਂ 32.26 ਦੀ ਔਸਤ ਨਾਲ 100 ਵਿਕਟਾਂ ਹਨ। 120 ਵਨ ਡੇ ਮੈਚਾਂ 'ਚ ਇਰਫਾਨ ਨੇ 23.39 ਦੀ ਔਸਤ ਨਾਲ 1544 ਦੌੜਾਂ ਬਣਾਈਆਂ ਉੱਥੇ ਹੀ ਗੇਂਦਬਾਜ਼ੀ ਵਿਚ ਇਰਫਾਨ ਨੇ 29.73  ਦੇ ਔਸਤ ਨਾਲ 173 ਵਿਕਟਾਂ ਆਪਣੇ ਨਾਂ ਕੀਤੀਆਂ ਹਨ। ਟੀ-20 ਫਾਰਮੈੱਟ 'ਚ ਇਰਫ਼ਾਨ ਨੇ ਭਾਰਤੀ ਟੀਮ ਲਈ 24 ਮੈਚ 'ਚ 24.57 ਦੀ ਔਸਤ ਨਾਲ 172 ਦੌੜਾਂ ਬਣਾਈਆਂ ਅਤੇ ਗੇਂਦ ਦੇ ਨਾਲ ਪ੍ਰਦਰਸ਼ਨ ਦੀ ਗੱਲ ਕਰੀਏ ਤਾਂ ਉਸ ਨੇ ਕੌਮਾਂਤਰੀ ਟੀ-20 ਮੈਚਾਂ ਵਿਚ 22.07 ਦੀ ਔਸਤ ਨਾਲ 28 ਵਿਕਟਾਂ ਵੀ ਹਾਸਲ ਕੀਤੀਆਂ ਹਨ।

ਆਈ. ਪੀ. ਐੱਲ. 'ਚ ਵੀ ਰਿਹਾ ਸ਼ਾਨਦਾਰ ਪ੍ਰਦਰਸ਼ਨ

ਆਈ. ਪੀ. ਐੱਲ. 'ਚ ਵੀ ਇਰਫ਼ਾਨ ਪਠਾਨ ਦਾ ਕਰੀਅਰ ਬਹੁਤ ਹੀ ਸ਼ਾਨਦਾਰ ਰਿਹਾ ਹੈ। ਆਈ. ਪੀ. ਐੱਲ. 'ਚ ਕਈ ਫ੍ਰੈਂਚਾਈਜ਼ੀ ਟੀਮਾਂ ਵੱਲੋਂ ਖੇਡਣ ਵਾਲੇ ਇਰਫਾਨ  ਨੇ 103 ਮੈਚ 'ਚ 1139 ਦੌੜਾਂ ਬਣਾਈਆਂ ਅਤੇ ਗੇਂਦਬਾਜ਼ੀ ਕਰਦਿਆਂ ਉਸ ਨੇ 33.11 ਦੀ ਔਸਤ ਨਾਲ 80 ਵਿਕਟਾਂ ਆਪਣੇ ਨਾਂ ਕੀਤੀਆਂ ਹਨ। ਜਿਸ ਕਾਰਨ ਉਹ ਸਫਲ ਆਲਰਾਊਂਡਰ ਖਿਡਾਰੀਆਂ ਦੀ ਸੂਚੀ 'ਚ ਨਜ਼ਰ ਆਉਂਦੇ ਹਨ।