2 ਦਹਾਕਿਆਂ ''ਚ ਪਹਿਲੀ ਵਾਰ ਆਨੰਦ ਨਹੀਂ ਹੋਵੇਗਾ ਵਿਸ਼ਵ ਚੈਂਪੀਅਨਸ਼ਿਪ ਦਾ ਹਿੱਸਾ

03/11/2018 4:34:16 AM

ਬਰਲਿਨ- ਵਿਸ਼ਵ ਦੇ ਚੋਣਵੇਂ ਖਿਡਾਰੀਆਂ ਵਿਚਾਲੇ ਖੇਡੇ ਜਾਣ ਵਾਲੇ ਫਿਡੇ ਕੈਂਡੀਡੇਟ ਟੂਰਨਾਮੈਂਟ ਦਾ ਆਗਾਜ਼ ਹੋ ਗਿਆ ਹੈ, ਜਿਸ 'ਚ ਮੌਜੂਦਾ ਵਿਸ਼ਵ ਚੈਂਪੀਅਨ ਮੈਗਨਸ ਕਾਰਲਸਨ ਨੂੰ ਇਸ ਸਾਲ ਦੇ ਅੰਤ 'ਚ ਲੰਡਨ ਵਿਚ ਚੁਣੌਤੀ ਦੇਣ ਲਈ ਕਿਸੇ ਇਕ ਖਿਡਾਰੀ ਦੀ ਚੋਣ ਇਸ ਪ੍ਰਤੀਯੋਗਿਤਾ ਰਾਹੀਂ ਕਰਨੀ ਪਵੇਗੀ।
ਭਾਰਤੀ ਸ਼ਤਰੰਜ ਪ੍ਰੇਮੀਆਂ ਲਈ ਨਿਰਾਸ਼ਾ ਦੀ ਗੱਲ ਇਹ ਹੋਵੇਗੀ ਕਿ ਪਿਛਲੇ 2 ਦਹਾਕਿਆਂ ਵਿਚ ਭਾਰਤੀ ਤਿਰੰਗੇ ਦੀ ਅਗਵਾਈ ਕਰਨ ਵਾਲਾ 5 ਵਾਰ ਦਾ ਕਲਾਸਿਕ ਵਿਸ਼ਵ ਚੈਂਪੀਅਨ ਤੇ ਮੌਜੂਦਾ ਵਿਸ਼ਵ ਰੈਪਿਡ ਚੈਂਪੀਅਨ ਵਿਸ਼ਵਨਾਥਨ ਆਨੰਦ ਇਥੇ ਨਜ਼ਰ ਨਹੀਂ ਆਏਗਾ। 2007 ਤੋਂ ਬਾਅਦ ਇਹ ਪਹਿਲੀ ਵਾਰ ਹੈ ਕਿ ਆਨੰਦ ਵਿਸ਼ਵ ਚੈਂਪੀਅਨਸ਼ਿਪ ਦੇ ਕਿਸੇ ਵੀ ਫਾਰਮੈੱਟ 'ਚ ਸ਼ਾਮਲ ਨਹੀਂ ਹੋਵੇਗਾ।
ਕਿਸ 'ਤੇ ਰਹੇਗੀ ਨਜ਼ਰ
ਆਨੰਦ ਦੀ ਗ਼ੈਰ-ਹਾਜ਼ਰੀ 'ਚ ਭਾਰਤੀ ਪ੍ਰਸ਼ੰਸਕ ਉਸ ਦੇ ਬਹੁਤ ਕਰੀਬੀ ਦੋਸਤ ਸਾਬਕਾ ਵਿਸ਼ਵ ਚੈਂਪੀਅਨ ਵਲਾਦੀਮੀਰ ਕ੍ਰਾਮਨਿਕ ਤੇ ਫਿਡੇ ਵਿਸ਼ਵ ਕੱਪ ਜੇਤੂ ਅਰਮੀਨੀਆ ਦੇ ਲੇਵਾਨ ਆਰੋਨੀਅਨ ਦਾ ਸਮਰਥਨ ਕਰਦੇ ਨਜ਼ਰ ਆਉਣਗੇ। ਹੋਰਨਾਂ ਖਿਡਾਰੀਆਂ 'ਚ ਰੂਸ ਦਾ ਸੇਰਜੀ ਕਰਜ਼ਾਕਿਨ ਤੇ ਅਲੈਕਜ਼ੈਂਡਰ ਗ੍ਰੀਸ਼ਚੁਕ, ਅਮਰੀਕਾ ਦਾ ਫੇਬੀਆਨੋ ਕਾਰੂਆਨਾ ਤੇ ਵੇਸਲੀ ਸੋ, ਅਜਰਬੇਜਾਨ ਦਾ ਮਮੇਘਾਰੋਵ, ਚੀਨ ਦਾ ਡੀਂਗ ਲੀਰੇਨ ਵੀ ਨਜ਼ਰ ਆਉਣਗੇ। ਦੇਖਣਾ ਇਹ ਹੋਵੇਗਾ ਕਿ ਕੌਣ ਕਾਰਲਸਨ ਨੂੰ ਚੁਣੌਤੀ ਦੇਵੇਗਾ।