ਹਾਕੀ ਵਰਲਡ ਕੱਪ ਲਈ ਪਾਕਿਸਤਾਨ ਨੂੰ ਸੱਦਾ ਦਿੱਤਾ ਜਾਵੇਗਾ : ਬੱਤਰਾ

02/17/2018 4:33:28 PM

ਨਵੀਂ ਦਿੱਲੀ (ਬਿਊਰੋ)— ਇੰਟਰਨੈਸ਼ਨਲ ਹਾਕੀ ਫੈਡਰੇਸ਼ਨ ਦੇ ਪ੍ਰਧਾਨ ਨਰਿੰਦਰ ਬਤਰਾ ਨੇ ਵੀਰਵਾਰ ਨੂੰ ਇਹ ਜ਼ਾਹਰ ਕਰ ਦਿੱਤਾ ਕਿ ਭਾਰਤ ਵਿਚ ਆਯੋਜਤ ਹੋਣ ਵਾਲੇ 2018 ਹਾਕੀ ਵਰਲਡ ਕੱਪ ਵਿਚ ਹਿੱਸਾ ਲੈਣ ਲਈ ਪਾਕਿਸਤਾਨ ਟੀਮ ਨੂੰ ਸੱਦਾ ਭੇਜਿਆ ਜਾਵੇਗਾ। ਦੱਸ ਦਈਏ ਕਿ ਹਾਕੀ ਵਰਲਡ ਕੱਪ ਇਸ ਸਾਲ ਦੇ ਅਖੀਰ ਵਿਚ 28 ਨਵੰਬਰ ਤੋਂ 16 ਦਸੰਬਰ ਤੱਕ ਭਾਰਤ ਵਿਚ ਖੇਡਿਆ ਜਾਵੇਗਾ। ਇਸ ਵਿਚ ਅਜਿਹੇ ਅੰਦਾਜ਼ੇ ਲਗਾਏ ਜਾ ਰਹੇ ਸਨ ਕਿ ਭਾਰਤ ਅਤੇ ਪਾਕਿਸਤਾਨ  ਦਰਮਿਆਨ ਰਾਜਨੀਤਿਕ ਸੰਬੰਧ ਸਮਾਨ ਨਾ ਹੋਣ ਕਾਰਨ ਪਾਕਿਸਤਾਨ ਨੂੰ ਇਸ ਅਹਿਮ ਟੂਰਨਮੈਂਟ ਲਈ ਸ਼ਾਇਦ ਸੱਦਿਆ ਨਹੀਂ ਜਾਵੇਗਾ। ਇਨ੍ਹਾਂ ਅੰਦਾਜ਼ਿਆਂ ਉੱਤੇ ਇੰਟਰਨੈਸ਼ਨਲ ਹਾਕੀ ਫੈਡਰੇਸ਼ਨ ਦੇ ਚੀਫ ਨਰਿੰਦਰ ਬਤਰਾ ਨੇ ਹੁਣ ਵਿਰਾਮ ਲਗਾ ਦਿੱਤਾ ਹੈ। ਬਤਰਾ ਨੇ ਵੀਰਵਾਰ ਨੂੰ ਇਹ ਜ਼ਾਹਰ ਕਰ ਦਿੱਤਾ ਕਿ ਭੁਵਨੇਸ਼ਵਰ ਵਿਚ ਆਯੋਜਤ ਹੋਣ ਵਾਲੇ ਵਰਲਡ ਕੱਪ ਐੱਫ.ਆਈ.ਐੱਚ. ਦਾ ਪ੍ਰੋਗਰਾਮ ਹੈ ਅਤੇ ਇਸਦੇ ਲਈ ਗੁਆਂਢੀ ਦੇਸ਼ ਪਾਕਿਸਤਾਨ ਨੂੰ ਵੀ ਨਿਓਤਾ ਭੇਜਿਆ ਜਾਵੇਗਾ।

ਪਾਕਿ ਨੇ ਹਾਸਲ ਕੀਤਾ ਸੀ 7ਵਾਂ ਸਥਾਨ
ਹਾਲ ਹੀ ਵਿਚ ਲੰਡਨ ਵਿਚ ਸੰਪੰਨ ਹੋਈ ਹਾਕੀ ਵਰਲਡ ਲੀਗ ਵਿੱਚ 7ਵਾਂ ਸਥਾਨ ਪਾ ਕੇ ਪਾਕਿਸਤਾਨ ਨੇ ਵਰਲਡ ਕੱਪ 2018 ਲਈ ਕੁਆਲੀਫਾਈ ਕੀਤਾ ਹੈ। ਇਸ ਤੋਂ ਪਹਿਲਾਂ ਪਾਕਿਸਤਾਨ ਦੀ ਟੀਮ 2014 ਵਰਲਡ ਕੱਪ ਲਈ ਕੁਆਲੀਫਾਈ ਨਹੀਂ ਕਰ ਪਾਈ ਸੀ। 2014 ਦਾ ਵਰਲਡ ਕੱਪ ਨੀਦਰਲੈਂਡ ਵਿੱਚ ਆਯੋਜਤ ਹੋਇਆ ਸੀ।

ਲੋੜੀਦੀ ਮਨਜ਼ੂਰੀ ਲੈ ਲਈ ਗਈ ਹੈ
ਬਤਰਾ ਨੇ ਕਿਹਾ, ਕਿਉਂਕਿ ਇਹ ਐੱਫ.ਆਈ.ਐੱਚ. ਦਾ ਪ੍ਰੋਗਰਾਮ ਹੈ ਇਸ ਲਈ ਪਾਕਿਸਤਾਨ ਨੂੰ ਇਸਦੇ ਲਈ ਸੱਦਾ ਭੇਜਿਆ ਜਾਵੇਗਾ। ਇਸ ਸੰਬੰਧ ਵਿਚ ਅਸੀਂ ਵਿਦੇਸ਼ ਮੰਤਰਾਲਾ ਤੋਂ ਜਰੂਰੀ ਮਨਜ਼ੂਰੀ ਲੈ ਲਈ ਹੈ। ਇਸਦੇ ਲਈ ਇੱਥੇ ਕੁਝ ਨਿਸ਼ਚਿਤ ਨਿਯਮ ਅਤੇ ਪ੍ਰਕਿਰਿਆ ਹੈ, ਜਿਸਦੇ ਤਹਿਤ ਇਸ ਵਿਚ ਹਿੱਸਾ ਲੈਣ ਵਾਲੇ ਦੇਸ਼ਾਂ ਨੂੰ ਟੂਰਨਮੈਂਟ ਸ਼ੁਰੂ ਹੋਣ ਤੋਂ 60 ਦਿਨ ਪਹਿਲਾਂ ਵੀਜ਼ਾ ਲਈ ਅਪਲਾਈ ਕਰਨਾ ਹੁੰਦਾ ਹੈ। ਇਸ ਪ੍ਰਕਿਰਿਆ ਦੇ ਤਹਿਤ ਪਾਕਿਸਤਾਨ ਨੂੰ ਵੀ ਗੁਜ਼ਰਨਾ ਹੋਵੇਗਾ।