ਪਦਮਿਨੀ-ਨੰਧਿਧਾ ਸਾਂਝੀ ਬੜ੍ਹਤ ''ਤੇ

12/04/2017 5:16:33 AM

ਸੂਰਤ— 44ਵੀਂ ਰਾਸ਼ਟਰੀ ਮਹਿਲਾ ਪ੍ਰੀਮੀਅਰ ਸ਼ਤਰੰਜ ਚੈਂਪੀਅਨਸ਼ਿਪ ਵਿਚ ਅੰਕ ਸੂਚੀ ਵਿਚ ਰੋਜ਼ ਬਦਲਾਅ ਹੋਣਾ ਜਾਰੀ ਹੈ। ਐਤਵਾਰ ਨੂੰ ਖੇਡੇ ਗਏ ਮੁਕਾਬਲਿਆਂ ਵਿਚ ਪੀ. ਐੱਸ. ਪੀ. ਬੀ. ਦੀ ਪਦਮਿਨੀ ਰਾਊਤ ਨੇ ਮਹਾਰਾਸ਼ਟਰ ਦੀ ਸ਼੍ਰਸ਼ਠੀ ਪਾਂਡੇ 'ਤੇ ਆਸਾਨ ਜਿੱਤ ਦਰਜ ਕਰਦਿਆਂ ਦੁਬਾਰਾ ਸਾਂਝੇ ਤੌਰ 'ਤੇ ਬੜ੍ਹਤ ਹਾਸਲ ਕਰ ਲਈ। ਕਿੰਗਜ਼ ਇੰਡੀਅਨ ਓਪਨਿੰਗ ਵਿਚ ਪਦਮਿਨੀ ਦੇ ਹਮਲਾਵਰ ਰੁਖ਼ ਦੇ ਜਵਾਬ ਵਿਚ ਸ਼੍ਰਸ਼ਠੀ ਪਾਂਡੇ ਓਪਨਿੰਗ ਵਿਚ ਮਿਲੇ ਇਕ ਵਾਧੂ ਪਿਆਦੇ ਤੋਂ ਬਾਅਦ ਕਦੇ ਵੀ ਸੰਤੁਲਿਤ ਨਹੀਂ ਖੇਡ ਸਕੀ। ਉਸ ਦੇ ਵਜ਼ੀਰ ਤੇ ਰਾਜਾ ਦੋਵੇਂ ਪਾਸਿਓਂ ਦਬਾਅ ਦਾ ਮੁਕਾਬਲਾ ਨਹੀਂ ਕਰ ਸਕੇ ਤੇ 47 ਚਾਲਾਂ ਵਿਚ ਉਸ ਨੂੰ ਚੈਂਪੀਅਨਸ਼ਿਪ ਵਿਚ ਆਪਣੀ 7ਵੀਂ ਹਾਰ ਦਾ ਸਾਹਮਣਾ ਕਰਨਾ ਪਿਆ। ਹੋਰਨਾਂ ਮੁਕਾਬਲਿਆਂ 'ਚ ਅੱਜ ਲੱਗਭਗ ਡਰਾਅ ਰਹੇ ਮੈਚ 'ਚ ਤਾਮਿਲਨਾਡੂ ਦੀ ਨੰਧਿਧਾ ਪੀ. ਵੀ. ਨੇ ਐੱਲ. ਆਈ. ਸੀ. ਦੀ ਕਿਰਨ ਮਨੀਸ਼ਾ ਮੋਹੰਤੀ ਨੂੰ 52 ਚਾਲਾਂ 'ਚ ਹਰਾਉਂਦਿਆਂ ਆਪਣੀ ਸਾਂਝੀ ਬੜ੍ਹਤ ਬਰਕਰਾਰ ਰੱਖੀ। 
ਕੱਲ ਤਕ ਸਾਂਝੀ ਬੜ੍ਹਤ 'ਤੇ ਚੱਲ ਰਹੀਆਂ 2 ਹੋਰ ਖਿਡਾਰਨਾਂ ਪੀ. ਐੱਸ. ਪੀ. ਬੀ. ਦੀ ਸੌਮਿਆ ਸਵਾਮੀਨਾਥਨ ਤੇ ਏਅਰ ਇੰਡੀਆ ਦੀ ਮੀਨਾਕਸ਼ੀ ਸੁਬਾਰਮਨ ਨੇ ਕ੍ਰਮਵਾਰ ਪੀ. ਐੱਸ. ਪੀ. ਬੀ.  ਦੀ ਮੈਰੀ ਗੋਮਸ ਤੇ ਬੰਗਾਲ ਦੀ ਸਮ੍ਰਿਧਾ ਦਾਸ ਨਾਲ ਡਰਾਅ ਖੇਡੇ। ਮਹਾਰਾਸ਼ਟਰ ਦੀ ਸਾਕਸ਼ੀ ਚਿਤਲਾਂਗੇ ਨੇ ਤਾਮਿਲਨਾਡੂ ਦੀ ਬਾਲਾ ਕਨੱਪਾ ਨੂੰ ਹਰਾਇਆ ਤਾਂ ਏਅਰ ਇੰਡੀਆ ਦੀ ਭਗਤੀ ਕੁਲਕਰਨੀ ਨੇ ਐੱਲ. ਆਈ. ਸੀ. ਤੇ ਮੌਜੂਦਾ ਕਾਮਨਵੈਲਥ ਚੈਂਪੀਅਨ ਸਵਾਤੀ ਘਾਟੇ ਨਾਲ ਡਰਾਅ ਖੇਡਿਆ। 
ਅਜਿਹੀ ਸਥਿਤੀ 'ਚ ਜਦੋਂ 3 ਰਾਊਂਡਜ਼ ਹੀ ਬਾਕੀ ਹਨ ਤਾਂ 8 ਰਾਊਂਡਜ਼ ਤੋਂ ਬਾਅਦ ਪਦਮਿਨੀ ਤੇ ਨੰਧਿਧਾ 6 ਅੰਕਾਂ ਨਾਲ ਸਾਂਝੀ ਬੜ੍ਹਤ 'ਤੇ ਹਨ। ਮੀਨਾਕਸ਼ੀ ਤੇ ਸੌਮਿਆ 5.5 ਅੰਕਾਂ ਨਾਲ ਸਾਂਝੇ ਤੌਰ 'ਤੇ ਦੂਜੇ ਸਥਾਨ 'ਤੇ ਚੱਲ ਰਹੀਆਂ ਹਨ। ਭਗਤੀ 5 ਅੰਕਾਂ ਨਾਲ ਤੀਜੇ ਸਥਾਨ 'ਤੇ ਹੈ। ਸਾਕਸ਼ੀ 4.5 ਅੰਕਾਂ, ਮੈਰੀ ਤੇ ਸਵਾਤੀ 4 ਅੰਕਾਂ, ਬਾਲਾ ਤੇ ਸ੍ਰਮਿਧਾ 2.5 ਅੰਕਾਂ, ਕਿਰਨ 3 ਅੰਕਾਂ ਅਤੇ ਸ਼੍ਰਸ਼ਠੀ 0.5 ਅੰਕਾਂ 'ਤੇ ਖੇਡ ਰਹੀ ਹੈ।