ਓਸਾਕਾ, ਜਵੇਰੇਵ, ਬੁਸਤਾ ਅਤੇ ਬ੍ਰਾਡੀ ਸੈਮੀਫਾਈਨਲ ’ਚ

09/09/2020 8:18:58 PM

ਨਿਊਯਾਰਕ– ਚੌਥਾ ਦਰਜਾ ਹਾਸਲ ਜਾਪਾਨ ਦੀ ਨਾਓਮੀ ਓਸਾਕਾ, 5ਵਾਂ ਦਰਜਾ ਜਰਮਨੀ ਦੇ ਅਲੈਗਜ਼ੈਂਡਰ ਜਵੇਰੇਵ, 20ਵਾਂ ਦਰਜਾ ਸਪੇਨ ਦੇ ਪਾਬਲੋ ਕਾਰੇਨੋ ਬੁਸਤਾ ਅਤੇ 28ਵਾਂ ਦਰਜਾ ਅਮਰੀਕਾ ਦੀ ਜੈਨੀਫਰ ਬ੍ਰਾਡੀ ਨੇ ਮੰਗਲਵਾਰ ਨੂੰ ਆਪਣੇ-ਆਪਣੇ ਕੁਆਰਟਰਫਾਈਨਲ ਮੁਕਾਬਲੇ ਜਿੱਤ ਕੇ ਸਾਲ ਦੇ ਆਖਰੀ ਗ੍ਰੈਂਡ ਸਲੈਮ ਯੂ. ਐੱਸ. ਓਪਨ ਟੈਨਿਸ ਟੂਰਨਾਮੈਂਟ ਦੇ ਸੈਮੀਫਾਈਨਲ ’ਚ ਜਗ੍ਹਾ ਬਣਾ ਲਈ। 2 ਵਾਰ ਦੀ ਗ੍ਰੈਂਡ ਸਲੈਮ ਚੈਂਪੀਅਨ ਓਸਾਕਾ ਨੇ ਅਮਰੀਕਾ ਦੀ ਸ਼ੈਲਬੀ ਰੋਜ਼ਰਸ ਨੂੰ ਲਗਾਤਾਰ ਸੈੱਟਾਂ ’ਚ 6-3,6-4 ਨਾਲ ਹਰਾ ਕੇ ਆਪਣੇ ਕੈਰੀਅਰ ’ਚ ਦੂਜੀ ਵਾਰ ਯੂ. ਐੱਸ. ਓਪਨ ਦੇ ਸੈਮੀਫਾਈਨਲ ’ਚ ਜਗ੍ਹਾ ਬਣਾਈ। ਓਸਾਕਾ ਦਾ ਸੈਮੀਫਾਈਨਲ ’ਚ ਮੁਕਾਬਲਾ ਅਮਰੀਕੀ ਖਿਡਾਰਣ ਜੈਨੀਫਰ ਬ੍ਰਾਡੀ ਨਾਲ ਹੋਵੇਗਾ, ਜਿਨ੍ਹਾਂ ਨੇ ਕਜ਼ਾਕਿਸਤਾਨ ਦੀ ਯੂਲੀਆ ਪੁਤਿਨਸੇਵਾ ਨੂੰ ਲਗਾਤਾਰ ਸੈੱਟਾਂ ’ਚ 6-3,6-2 ਨਾਲ ਹਰਾਇਆ। ਬ੍ਰਾਡੀ ਪਹਿਲੀ ਵਾਰ ਕਿਸੇ ਗ੍ਰੈਂਡ ਸਲੈਮ ਟੂਰਨਾਮੈਂਟ ਦੇ ਸੈਮੀਫਾਈਨਲ ’ਚ ਪਹੁੰਚੀ ਹੈ।


ਪੁਰਸ਼ ਵਰਗ ’ਚ ਜਵੇਰੇਵ ਨੇ ਹਾਲਾਂਕਿ ਪਹਿਲਾ ਸੈੱਟ 1-6 ਨਾਲ ਗੁਆ ਦਿੱਤਾ ਪਰ ਫਿਰ ਉਸ ਨੇ ਲੈਅ ਹਾਸਲ ਕਰਦੇ ਹੋਏ ਅਗਲੇ 3 ਸੈੱਟ ਜਿੱਤ ਕੇ ਕ੍ਰੋਏਸ਼ੀਆ ਦੇ ਬੋਰਨਾ ਕੋਰਿਚ ਨੂੰ 1-6, 7-6, 7-6, 6-3 ਨਾਲ ਹਰਾਇਆ ਅਤੇ ਪਹਿਲੀ ਵਾਰ ਯੂ. ਐੱਸ. ਓਪਨ ਦੇ ਸੈਮੀਫਾਈਨਲ ’ਚ ਪਹੁੰਚਿਆ। ਜਵੇਰੇਵ ਦਾ ਸੈਮੀਫਾਈਨਲ ’ਚ ਮੁਕਾਬਲਾ ਬੁਸਤਾ ਨਾਲ ਹੋਵੇਗਾ, ਜਿਸ ਨੇ ਡੈਨਿਸ ਸ਼ਾਪੋਵਾਲੋਵ ਨੂੰ 4 ਘੰਟੇ 8 ਮਿੰਟਾਂ ਤੱਕ ਚੱਲੇ ਮੈਰਾਥਨ ਮੈਚ ’ਚ 3-6, 7-6, 7-6, 0-6, 6-3 ਨਾਲ ਹਰਾਇਆ। ਬੁਸਤਾ ਨੂੰ ਦੁਨੀਆ ਦੇ ਨੰਬਰ ਇਕ ਖਿਡਾਰੀ ਅਤੇ ਖਿਤਾਬ ਦੇ ਮਜ਼ਬੂਤ ਦਾਅਵੇਦਾਰ ਸਰਬੀਆ ਦੇ ਨੋਵਾਕ ਜੋਕੋਵਿਕ ਨੂੰ ਬਾਹਰ ਕੀਤੇ ਜਾਣ ਦੇ ਕਾਰਣ ਕੁਆਰਟਰਫਾਈਨਲ ’ਚ ਦਾਖਲਾ ਮਿਲਿਆ ਸੀ।

Gurdeep Singh

This news is Content Editor Gurdeep Singh