B''Day Spcl: ਦੂਜੇ ਹੀ ਮੈਚ ''ਚ ਲਾਈ ਸੀ ਟ੍ਰਿਪਲ ਸੈਂਚੁਰੀ, ਨਾਂ ਦਰਜ ਹਨ 10 ਰਣਜੀ ਖਿਤਾਬ

02/16/2019 12:31:02 PM

ਨਵੀਂ ਦਿੱਲੀ : ਜਿਸ ਉਮਰ ਵਿਚ ਲੋਕ ਕ੍ਰਿਕਟ ਖੇਡਣਾ ਛੱਡ ਦਿੰਦੇ ਹਨ ਉਸ ਉਮਰ 'ਚ ਵਸੀਮ ਜਾਫਰ ਨੌਜਵਾਨ ਖਿਡਾਰੀਆਂ ਦੇ ਨਾਲ ਰਣਜੀ ਟਰਾਫੀ ਖੇਡ ਰਹੇ ਹਨ ਅਤੇ ਸਿਰਫ ਖੇਡ ਹੀ ਨਹੀਂ ਰਹੇ ਸਗੋਂ ਲਗਾਤਾਰ ਦੌੜਾਂ ਵੀ ਬਣਾ ਰਹੇ ਹਨ। 16 ਫਰਵਰੀ 1978 ਨੂੰ ਮੁੰਬਈ ਵਿਚ ਜਨਮੇ ਇਸ ਧਾਕੜ ਬੱਲੇਬਾਜ਼ ਦਾ ਅੱਜ 41ਵਾਂ ਜਨਮਦਿਨ ਹੈ। ਵੈਸੇ ਤਾਂ ਜਾਫਰ ਨੇ ਆਪਣੇ ਨਾਂ ਢੇਰ ਸਾਰੇ ਫਰਸਟ ਕਲਾਸ ਕ੍ਰਿਕਟ ਰਿਕਾਰਡ ਦਰਜ ਕੀਤੇ ਹਨ ਪਰ ਇਕ ਰਿਕਾਰਡ ਅਜਿਹਾ ਹੈ ਜਿਸ ਨੂੰ ਜਾਫਰ ਤੋਂ ਇਲਾਵਾ ਕੋਈ ਹੋਰ ਖਿਡਾਰੀ ਸ਼ਾਇਦ ਹੀ ਆਪਣੇ ਨਾਂ ਕਰ ਸਕੇ। ਉਹ ਹੈ 10 ਵਿਚੋਂ 10 ਰਣਜੀ ਟਰਾਫੀ ਖਿਤਾਬ ਜਿਤਾਉਣ ਦਾ। ਜਾਫਰ ਨੇ ਹੁਣ ਤੱਕ ਆਪਣੇ ਰਣਜੀ ਕਰੀਅਰ ਵਿਚ 10 ਫਾਈਨਲ ਖੇਡੇ ਹਨ ਅਤੇ ਸਾਰੇ ਹੀ ਜਿੱਤੇ ਹਨ।

ਇੰਨਾ ਹੀ ਨਹੀਂ ਸਭ ਤੋਂ ਵੱਧ ਰਣਜੀ ਖਿਤਾਬ ਜਿੱਤਾਉਣ ਵਾਲੇ ਖਿਡਾਰੀਆਂ ਦੀ ਸੂਚੀ ਵਿਚ ਉਹ ਦਿਲੀਪ ਸਰਦੇਸਾਈ ਦੇ ਨਾਲ 5ਵੇਂ ਨੰਬਰ 'ਤੇ ਹਨ। ਜਾਫਰ ਤੋਂ ਵੱਧ ਅਸ਼ੋਕ ਮਾਕੰਡ ਨੇ (12) ਅਜੀਤ ਵਾਡੇਕਰ (11), ਮਨੋਹਰ ਹਾਰਦਿਕਰ (11) ਅਤੇ ਦਿਲੀਪ ਸਰਦੇਸਾਈ (10) ਨੇ ਖਿਤਾਬ ਜਿੱਤੇ ਹਨ। ਜਾਫਰ ਨੇ ਆਪਣੇ 22 ਸਾਲ ਦੇ ਰਣਜੀ ਕਰੀਅਰ ਵਿਚ 10 ਫਾਈਨਲ ਖੇਡੇ ਹਨ। ਜਾਫਰ 1996-97 ਤੋਂ 2012-13 ਵਿਚਾਲੇ 8 ਵਾਰ ਰਣਜੀ ਟਰਾਫੀ ਖਿਤਾਬ ਜਿੱਤਾਉਣ ਵਾਲੀ ਮੁੰਬਈ ਟੀਮ ਦਾ ਹਿੱਸਾ ਰਹੇ ਅਤੇ ਲਗਾਤਾਰ 2 ਵਾਰ ਉਸ ਨੇ ਵਿਦਰਭ ਨੂੰ ਖਿਤਾਬ ਜਿਤਾਉਣ 'ਚ ਮੁੱਖ ਭੂਮਿਕਾ ਨਿਭਾਈ ਹੈ। ਇਸ ਰਣਜੀ ਸੀਜ਼ਨ ਵਿਚ ਉਸ ਨੇ 11 ਮੈਚਾਂ ਵਿਚ 69.13 ਦੀ ਔਸਤ ਨਾਲ 1037 ਦੌੜਾਂ ਬਣਾਈਆਂ। ਜਿਸ ਵਿਚ 4 ਸੈਂਕੜੇ ਵੀ ਸ਼ਾਮਲ ਹਨ। ਜਾਫਰ ਨੂੰ ਫਰਸਟ ਕਲਾਸ ਕ੍ਰਿਕਟ ਦਾ ਸਚਿਨ ਵੀ ਕਿਹਾ ਜਾਂਦਾ ਹੈ। ਜਾਫਰ 252 ਫਰਸਟ ਕਲਾਸ ਮੈਚਾਂ ਵਿਚ 51.19 ਦੀ ਔਸਤ ਨਾਲ 19147 ਦੌੜਾਂ ਬਣਾਈਆਂ ਹਨ। ਜਿਸ ਵਿਚ 57 ਸੈਂਕੜੇ ਅਤੇ 88 ਅਰਧ ਸੈਂਕੜੇ ਸ਼ਾਮਲ ਹਨ। ਇਹ ਫਰਸਟ ਕਲਾਸ ਕ੍ਰਿਕਟ ਵਿਚ ਕਿਸੇ ਵੀ ਬੱਲੇਬਾਜ਼ ਵੱਲੋਂ ਬਣਾਏ ਗਏ ਸਭ ਤੋਂ ਵੱਧ ਸਕੋਰ ਹਨ।

ਜਾਫਰ ਦਾ ਕੌਮਾਂਤਰੀ ਕਰੀਅਰ ਜ਼ਿਆਦਾ ਲੰਬਾ ਨਹੀਂ ਚੱਲਿਆ। ਰਾਹੁਲ ਦ੍ਰਾਵਿੜ, ਗੌਤਮ ਗੰਭੀਰ ਅਤੇ ਵਰਿੰਦਰ ਸਹਿਵਾਗ ਵਰਗੇ ਧਾਕੜ ਬੱਲੇਬਾਜ਼ਾਂ ਦੇ ਕਾਰਨ ਉਹ ਟੀਮ 'ਚ ਵਾਪਸੀ ਨਹੀਂ ਕਰ ਸਕੇ। ਜਾਫਰ ਦਾ ਬੱਲੇਬਾਜ਼ੀ ਕਰਨ ਦਾ ਸਟਾਈਲ ਥੋੜਾ ਵੱਖ ਸੀ। ਉਹ ਵਿਕਟ 'ਤੇ ਖੜੇ ਰਹਿ ਕੇ ਦੇਰ ਤੱਕ ਬੱਲੇਬਾਜ਼ੀ ਕਰਦੇ ਸੀ ਅਤੇ ਹੋਲੀ ਰਫਤਾਰ ਨਾਲ ਦੌੜਾਂ ਬਣਾਉਂਦੇ ਸਨ। ਜਾਫਰ ਕਿੰਨੇ ਪ੍ਰਭਾਵਸ਼ਾਲੀ ਹਨ ਇਹ ਸਾਰੇ ਜਾਣਦੇ ਹਨ। ਜਾਫਰ ਭਾਰਤ ਲਈ 31 ਟੈਸਟ ਮੈਚਾਂ ਵਿਚ 34.10 ਦੀ ਔਸਤ ਨਾਲ 1944 ਦੌੜਾਂ ਬਣਾਈਆਂ ਹਨ। ਇਸ ਦੌਰਾਨ ਉਸ ਨੇ 5 ਸੈਂਕੜੇ ਅਤੇ 11 ਅਰਧ ਸੈਂਕੜੇ ਲਾਏ। ਜਾਫਰ ਨੇ ਆਪਣਾ ਆਖਰੀ ਕੌਮਾਂਤਰੀ ਟੈਸਟ ਮੈਚ 2008 ਵਿਚ ਖੇਡਿਆ ਸੀ।