ਵਿਰਾਟ ਸਭ ਤੋਂ ਸਫਲ ਕਪਤਾਨ ਬਣਨ ਤੋਂ ਇਕ ਕਦਮ ਪਿੱਛੇ

09/07/2017 7:47:46 PM

ਨਵੀਂ ਦਿੱਲੀ— ਬੱਲੇਬਾਜੀ ਦੇ ਨਾਲ-ਨਾਲ ਵਿਰਾਟ ਕੋਹਲੀ ਕਪਤਾਨੀ ਦੇ ਮੋਰਚੇ 'ਤੇ ਵੀ ਸੁਪਰਹਿੱਟ ਰਹੇ ਹਨ। ਟੈਸਟ ਸੀਰੀਜ਼ 'ਚ ਸ਼੍ਰੀਲੰਕਾ ਨੂੰ 3-0 ਨਾਲ ਚਿੱਤ ਕਰਕੇ ਭਾਰਤੀ ਕ੍ਰਿਕਟ ਟੀਮ ਨੇ ਵਿਰਾਟ ਕੋਹਲੀ ਦੀ ਕਪਤਾਨੀ 'ਚ ਲਗਾਤਾਰ 8ਵੀਂ ਸੀਰੀਜ਼ 'ਚ ਜਿੱਤ ਦਰਜ ਕੀਤੀ। ਇਸ ਮਾਮਲੇ 'ਚ ਵਿਰਾਟ ਨੇ ਸਾਬਕਾ ਆਸਟਰੇਲੀਆਈ ਕਪਤਾਨ ਸਟੀਵ ਵਾ ਨੂੰ ਪਿੱਛੇ ਛੱਡ ਦਿੱਤਾ ਹੈ। ਸਟੀਵ ਵਾ ਦੀ ਕਪਤਾਨੀ 'ਚ ਆਸਟਰੇਲੀਆ ਨੇ ਲਗਾਤਾਰ 7 ਟੈਸਟ ਸੀਰੀਜ਼ ਜਿੱਤੀਆਂ ਸਨ। ਇੰਨਾਂ ਹੀ ਨਹੀਂ ਸ਼੍ਰੀਲੰਕਾ ਨੂੰ ਉਨ੍ਹਾਂ ਦੀ ਹੀ ਧਰਤੀ 'ਤੇ 3-0 ਨਾਲ ਹਰਾ ਕੇ ਪਹਿਲੀ ਵਾਰ ਵਿਦੇਸ਼ੀ ਧਰਤੀ 'ਤੇ ਕਿਸੇ ਟੀਮ ਦੇ ਕਲੀਨ ਸਵੀਪ ਕਰਨ ਦਾ ਵੀ ਰਿਕਾਰਡ ਵੀ ਵਿਰਾਟ ਦੇ ਨਾਂ ਦਰਜ ਹੋਇਆ ਹੈ।
ਵਿਰਾਟ ਦੀਆਂ ਨਿਗਾਹਾਂ ਲਗਾਤਾਰ 9 ਸੀਰੀਜ਼ ਜਿੱਤਣ 'ਤੇ
ਲਗਾਤਾਰ ਸਭ ਤੋਂ ਜ਼ਿਆਦਾ ਟੈਸਟ ਸੀਰੀਜ਼ ਜਿੱਤਣ ਦੇ ਮਾਮਲੇ 'ਚ ਵਿਰਾਟ ਕੋਹਲੀ ਤੋਂ ਅੱਗੇ ਸਿਰਫ ਸਾਬਕਾ ਆਸਟਰੇਲੀਆਈ ਕਪਤਾਨ ਰਿੱਕੀ ਪੋਂਟਿੰਗ ਹਨ। ਪੋਂਟਿੰਗ ਦੀ ਕਪਤਾਨੀ 'ਚ ਟੀਮ ਆਸਟਰੇਲੀਆ ਨੇ ਲਗਾਤਾਰ 9 ਟੈਸਟ ਸੀਰੀਜ਼ ਜਿੱਤੀਆਂ ਹਨ। ਉਨ੍ਹਾਂ ਦੀ ਕਪਤਾਨੀ 'ਚ ਸਾਲ 2005 ਤੋਂ 2008 ਦੇ ਵਿਚਕਾਰ ਆਸਟਰੇਲੀਆ ਨੇ 9 ਸੀਰੀਜ਼ 'ਤੇ ਆਪਣਾ ਕਬਜ਼ਾ ਜਮਾਇਆ ਸੀ।
ਨਵੰਬਰ 'ਚ ਸ਼੍ਰੀਲੰਕਾ ਨਾਲ 3 ਟੈਸਟ ਮੈਚਾਂ ਦੀ ਸੀਰੀਜ਼
ਅਜਿਹਾ ਲੱਗ ਰਿਹਾ ਹੈ ਕਿ ਕੋਹਲੀ ਲਗਾਤਾਰ ਸਭ ਤੋਂ ਜ਼ਿਆਦਾ ਟੈਸਟ ਸੀਰੀਜ਼ ਜਿੱਤਣ ਦਾ ਰਿਕਾਰਡ ਜਲਦੀ ਹੀ ਪੂਰਾ ਕਰ ਲੈਣਗੇ, ਕਿਉਂਕਿ ਇਸੇ ਸਾਲ ਨਵੰਬਰ 'ਚ 3 ਟੈਸਟ, 3 ਵਨਡੇ ਤੇ 3 ਟੀ-20 ਮੈਚਾਂ ਲਈ ਸ਼੍ਰੀਲੰਕਾਈ ਟੀਮ ਭਾਰਤ ਦਾ ਦੌਰਾ ਕਰੇਗੀ। ਹਾਲ ਹੀ 'ਚ ਟੀਮ ਇੰਡੀਆ ਨੇ ਸ਼੍ਰੀਲੰਕਾ ਨੂੰ ਜਿਸ ਤਰ੍ਹਾਂ ਨਾਲ ਟੈਸਟ ਸੀਰੀਜ਼ 'ਚ ਬੁਰੀ ਤਰ੍ਹਾਂ ਨਾਲ ਹਰਾਇਆ ਸੀ, ਇਸ ਨੂੰ ਦੇਖ ਅਜਿਹਾ ਨਹੀਂ ਲੱਗਦਾ ਕਿ ਵਿਰਾਟ ਐਂਡ ਕੰਪਨੀ ਨੂੰ ਦੁਬਾਰਾ ਅਜਿਹਾ ਕਰਨ 'ਚ ਕੋਈ ਮੁਸ਼ਕਿਲ ਹੋਵੇਗੀ। ਟੈਸਟ ਸੀਰੀਜ਼ ਦੇ ਤਿੰਨਾਂ ਮੁਕਾਬਲਿਆਂ 'ਚ ਭਾਰਤ ਨੇ ਇਕਤਰਫਾ ਜਿੱਤ ਦਰਜ ਹਾਸਲ ਕੀਤੀ ਸੀ ਤੇ ਹੁਣ ਜਦੋਂ ਭਾਰਤੀ ਟੀਮ ਨੇ ਸੀਰੀਜ਼ ਆਪਣੇ ਘਰ 'ਚ ਹੀ ਖੇਡਣੀ ਹੈ ਤਾਂ ਉਸ ਨੂੰ ਹਰਾਉਣਾ ਸ਼੍ਰੀਲੰਕਾ ਲਈ ਟੇਡੀ ਖੀਰ ਸਾਬਿਤ ਹੋਣ ਵਾਲਾ ਹੈ। 
ਵਿਰਾਟ ਬਣ ਜਾਣਗੇ ਸਭ ਤੋਂ ਸਫਲ ਕਪਤਾਨ!
ਜੇਕਰ ਭਾਰਤੀ ਕ੍ਰਿਕਟ ਟੀਮ ਸ਼੍ਰੀਲੰਕਾ ਨੂੰ ਟੈਸਟ ਸੀਰੀਜ਼ 'ਚ ਆਪਣੇ ਘਰ 'ਚ ਹਰਾ ਦਿੰਦੀ ਹੈ ਤਾਂ ਟੈਸਟ ਕ੍ਰਿਕਟ 'ਚ ਸਭ ਤੋਂ ਸਫਲ ਕਪਤਾਨ ਦਾ ਸਿਹਰਾ ਵਿਰਾਟ ਦੇ ਸਿਰ ਸੱਜ ਜਾਵੇਗਾ। ਕੋਹਲੀ ਹੁਣ ਤੱਕ 29 ਟੈਸਟ ਮੈਚਾਂ 'ਚ ਕਪਤਾਨੀ ਕਰ ਚੁੱਕੇ ਹਨ ਤੇ ਹੁਣ ਤੱਕ ਉਨ੍ਹਾਂ ਦੀ ਕਪਤਾਨੀ 'ਚ ਭਾਰਤ ਨੇ ਕੁੱਲ 19 ਮੈਚਾਂ 'ਚ ਜਿੱਤ ਦਰਜ ਕੀਤੀ ਹੈ, ਜਦਕਿ 3 'ਚ ਹੀ ਭਾਰਤੀ ਟੀਮ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ ਤੇ 7 ਮੁਕਾਬਲੇ ਬਰਾਬਰੀ 'ਤੇ ਖਤਮ ਹੋਏ ਹਨ। ਕੋਹਲੀ ਦੀ ਕਪਤਾਨੀ 'ਚ ਭਾਰਤ ਦੀ ਜਿੱਤ 65.51 ਫੀਸਦੀ ਰਹੀ ਹੈ।