ਓਡੀਸ਼ਾ ਸਰਕਾਰ ਵਲੋਂ ਦੂਤੀ ਨੂੰ ਮਿਲੇਗਾ 1.5 ਕਰੋੜ ਰੁਪਏ ਹੋਰ ਨਕਦ ਪੁਰਸਕਾਰ

08/30/2018 4:29:43 PM

ਭੁਵਨੇਸ਼ਵਰ : ਓਡੀਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਜਕਾਰਤਾ 'ਚ ਚਲ ਰਹੀਆਂ 18ਵੀਆਂ ਏਸ਼ੀਆਈ ਖੇਡਾਂ 'ਚ ਤਮਗਾ ਜਿੱਤਣ ਵਾਲੀ ਫਰਾਟਾ ਸਟਾਰ ਦੌੜਾਕ ਦੂਤੀ ਚੰਦ ਨੂੰ ਅੱਜ ਹੋਰ ਡੇਢ ਕਰੋੜ ਰੁਪਏ ਪੁਰਸਕਾਰ ਦੇਣ ਦਾ ਐਲਾਨ ਕੀਤਾ ਹੈ। ਕਲ ਦੂਤੀ ਨੂੰ ਤਮਗਾ ਜਿੱਤਣ ਦੇ ਤੁਰੰਤ ਬਾਅਦ ਵਧਾਈ ਦੇਣ ਵਾਲੇ ਮੁੱਖ ਮੰਤਰੀ ਇਸ ਤੋਂ ਪਹਿਲਾਂ 100 ਮੀ. ਫਰਾਟਾ ਦੌੜ 'ਚ ਚਾਂਦੀ ਤਮਗੇ 'ਤੇ ਵੀ ਇਸ ਦੌੜਾਕ ਨੂੰ ਡੇਢ ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਸੀ। ਇਸ ਤੋਂ ਇਲਾਵਾ ਪਟਨਾਇਕ ਨੇ ਐਲਾਨ ਕੀਤਾ ਕਿ ਅਗਲੇ ਸਾਲ ਓਲੰਪਿਕ ਤੱਕ ਇਸ 22 ਸਾਲਾਂ ਖਿਡਾਰੀ ਦੀ ਤਿਆਰੀ ਦਾ ਖਰਚਾ ਰਾਜ ਸਰਕਾਰ ਚੁੱਕੇਗੀ।

2 ਖੇਡ ਸੰਸਥਾਵਾਂ ਓਡੀਸ਼ਾ ਐਥਲੈਟਿਕਸ ਸੰਘ ਅਤੇ ਓਡੀਸ਼ਾ ਓਲੰਪਿਕ ਸੰਘ ਪਹਿਲਾਂ ਹੀ ਦੂਤੀ ਚੰਦ ਨੂੰ ਉਸਦੀ ਉਪਲੱਬਧੀ ਲਈ 50-50 ਹਜ਼ਾਰ ਰੁਪਏ ਦੇਣ ਦਾ ਐਲਾਨ ਕਰ ਚੁੱਕੀ ਹੈ। ਓਲੰਪਿਕ ਸੰਘ ਦੇ ਜਨਰਲ ਸਕੱਤਰ ਬੇਹੜਾ ਨੇ ਕਿਹਾ ਕਿ ਜਾਜਪੁਰ ਜ਼ਿਲੇ ਦੀ ਦੂਤੀ ਚੰਦ ਨੇ ਇਕ ਹੀ ਏਸ਼ੀਆਈ ਖੇਡਾਂ 'ਚ 2 ਤਮਗਾ ਜਿੱਤ ਕੇ ਓਡੀਸ਼ਾ ਦੇ ਲਈ ਇਤਿਹਾਸ ਰਚਿਆ ਹੈ। ਦੂਤੀ ਨੂੰ 2014 'ਚ ਐਥਲੈਟਿਕਸ ਮਹਾਸੰਘਾਂ ਦੇ ਅੰਤਰਰਾਸ਼ਟਰੀ ਸੰਘ ਨੇ ਹਾਈਪਰਐਂਡ੍ਰੋਗੇਨਿਜ਼ਮ ਦੇ ਤਹਿਤ ਸਸਪੈਂਡ ਕਰ ਦਿੱਤਾ ਸੀ ਪਰ ਇਹ ਭਾਰਤੀ ਦੌੜਾਕ ਖੇਡ ਆਰਬਿਟਰੇਸ਼ਨ 'ਚ ਮਾਮਲਾ ਚੁੱਕਣ 'ਚ ਸਫਲ ਰਹੀ ਸੀ।