''ਖੱਚਰ'' ਨਾਲ ਡਬਲਯੂ. ਐੱਫ. ਆਈ. ਦੀ ਤੁਲਨਾ ''ਤੇ ਕੁਸ਼ਤੀ ਕੋਚ ਮੁਅੱਤਲ

09/28/2017 4:15:15 AM

ਇੰਦੌਰ— ਸੋਸ਼ਲ ਮੀਡੀਆ 'ਤੇ ਖੱਚਰ ਨਾਲ ਭਾਰਤੀ ਕੁਸ਼ਤੀ ਸੰਘ (ਡਬਲਯੂ. ਐੱਫ. ਆਈ.) ਦੀ ਵਿਵਾਦਪੂਰਨ ਤੁਲਨਾ 'ਤੇ ਵੱਕਾਰੀ ਅਰਜੁਨ ਐਵਾਰਡੀ ਸਾਬਕਾ ਪਹਿਲਵਾਨ ਤੇ ਮੌਜੂਦਾ ਕੋਚ ਕ੍ਰਿਪਾਸ਼ੰਕਰ ਪਟੇਲ ਨੂੰ ਇਸ ਸੰਗਠਨ 'ਚੋਂ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਮਾਮਲੇ ਨੂੰ ਸੰਗਠਨ ਦੀ ਅਨੁਸ਼ਾਸਨੀ ਕਮੇਟੀ ਨੂੰ ਭੇਜਣ ਦਾ ਫੈਸਲਾ ਕੀਤਾ ਗਿਆ ਹੈ। ਡਬਲਯੂ. ਐੱਫ. ਆਈ. ਦੇ ਸਹਾਇਕ ਸਕੱਤਰ ਵਿਨੋਦ ਤੋਮਰ ਨੇ ਅੱਜ ਕਿਹਾ ਕਿ ਵਿਵਾਦਪੂਰਨ ਪੋਸਟ ਦੇ ਮਾਮਲੇ ਵਿਚ ਪਟੇਲ ਉਦੋਂ ਤਕ ਮੁਅੱਤਲ ਰਹੇਗਾ, ਜਦੋਂ ਤਕ ਡਬਲਯੂ. ਐੱਫ. ਆਈ. ਦੀ ਅਨੁਸ਼ਾਸਨੀ ਕਮੇਟੀ ਇਸ ਮਾਮਲੇ ਦੀ ਸੁਣਵਾਈ ਪੂਰੀ ਕਰ ਕੇ ਆਖਰੀ ਫੈਸਲਾ ਨਹੀਂ ਸੁਣਾ ਦਿੰਦੀ। ਡਬਲਯੂ. ਐੱਫ. ਆਈ. ਦੇ ਮੁਖੀ ਭ੍ਰਿਜਭੂਸ਼ਣ ਸ਼ਰਣ ਸਿੰਘ ਨੇ ਵਿਵਾਦਪੂਰਨ ਪੋਸਟ 'ਤੇ ਪਟੇਲ ਨੂੰ 13 ਸਤੰਬਰ ਨੂੰ ਸਖਤ ਨੋਟਿਸ ਜਾਰੀ ਕਰਦੇ ਹੋਏ ਉਸ ਤੋਂ ਸੱਤ ਦਿਨਾਂ ਵਿਚ ਜਵਾਬ ਮੰਗਿਆ ਸੀ ਤੇ ਨਾਲ ਹੀ ਕਿਹਾ ਸੀ ਕਿ ਕਿਉਂ ਨਾ ਉਨ੍ਹਾਂ 'ਤੇ 6 ਸਾਲ ਦੀ ਪਾਬੰਦੀ ਲਾ ਦਿੱਤੀ ਜਾਵੇ।'' ਕੁਸ਼ਤੀ ਕੋਚ ਨੇ ਇਸ ਨੋਟਿਸ ਦਾ ਜਵਾਬ ਭੇਜ ਦਿੱਤਾ ਹੈ।
ਤੋਮਰ ਨੇ ਦੱਸਿਆ ਕਿ ਸਾਨੂੰ ਪਟੇਲ ਦਾ ਜਵਾਬ ਮਿਲ ਗਿਆ ਹੈ ਪਰ ਹੁਣ ਮਾਮਲੇ ਨੂੰ ਡਬਲਯੂ. ਐੱਫ. ਆਈ. ਦੇ ਸੀਨੀਅਰ ਉਪ ਮੁਖੀ ਆਈ. ਡੀ. ਨਾਨਾਵਤੀ ਦੀ ਅਗਵਾਈ ਵਾਲੀ ਅਨੁਸ਼ਾਸਨੀ ਕਮੇਟੀ ਨੂੰ ਭੇਜਿਆ ਜਾਵੇਗਾ। ਫਿਲਹਾਲ ਮਾਮਲੇ 'ਚ ਕਮੇਟੀ ਦੀ ਪਹਿਲੀ ਸੁਣਵਾਈ ਦੀ ਮਿਤੀ ਤੈਅ ਨਹੀਂ ਕੀਤੀ ਗਈ। ਪਟੇਲ ਨੇ ਆਪਣੀ ਮੁਅੱਤਲੀ ਦੀ ਜਾਣਕਾਰੀ ਮਿਲਣ ਤੋਂ ਬਾਅਦ ਕਿਹਾ ਕਿ ਮੈਂ ਫੇਸਬੁੱਕ 'ਤੇ ਜੋ ਕਿਹਾ, ਉਹ ਭਾਰਤੀ ਕੁਸ਼ਤੀ ਦੀ ਭਲਾਈ ਲਈ ਕਿਹਾ ਸੀ। ਜੇਕਰ ਡਬਲਯੂ. ਐੱਫ. ਆਈ. ਦੀ ਅਨੁਸ਼ਾਸਨੀ ਕਮੇਟੀ ਮੈਨੂੰ ਬਿਆਨ ਦਰਜ ਕਰਾਉਣ ਲਈ ਬੁਲਾਏਗੀ ਤਾਂ ਮੈਂ ਉਸ ਦੇ ਸਾਹਮਣੇ ਆਪਣਾ ਪੱਖ ਰੱਖਾਂਗਾ।
ਕੁਸ਼ਤੀ ਕੋਚ ਨੇ 12 ਸਤੰਬਰ ਨੂੰ ਆਪਣੀ ਫੇਸਬੁੱਕ ਪੋਸਟ ਵਿਚ ਕਿਹਾ ਸੀ ਕਿ ਕੁਸ਼ਤੀ ਦੇ ਕੌਮਾਂਤਰੀ ਸੰਗਠਨ ਯੂਨਾਈਟਿਡ ਵਰਲਡ ਰੈਸਲਿੰਗ ਨੇ ਕੁਸ਼ਤੀ ਦੇ ਨਿਯਮਾਂ ਵਿਚ ਕਈ ਮਹੱਤਵਪੂਰਨ ਬਦਲਾਅ ਕੀਤੇ ਹਨ ਪਰ ਡਬਲਯੂ. ਐੱਫ. ਆਈ. ਨੇ ਇਸ ਸਿਲਸਿਲੇ ਵਿਚ ਅੱਧ-ਅਧੂਰੇ ਅਤੇ ਅੱਧ-ਕੱਚੇ ਨਿਯਮਾਂ ਨੂੰ ਹੀ ਲਾਗੂ ਕੀਤਾ ਹੈ। ਫਿਲਮ 'ਦੰਗਲ' ਲਈ ਬਾਲੀਵੁੱਡ ਸਿਤਾਰੇ ਆਮਿਰ ਖਾਨ ਨੂੰ ਕੁਸ਼ਤੀ ਦੇ ਗੁਰ ਸਿਖਾਉਣ ਵਾਲੇ 40 ਸਾਲਾ ਕੋਚ ਨੇ ਵਿਵਾਦਪੂਰਨ ਫੇਸਬੁੱਕ ਪੋਸਟ ਵਿਚ ਕਿਹਾ, ''ਕੀ ਤੁਹਾਨੂੰ ਪਤਾ ਹੈ ਕਿ ਗੁਜਰਾਤ ਵਿਚ ਕੱਛ ਦੇ ਰਣ ਵਿਚ ਇਕ ਅਨੋਖਾ ਪ੍ਰਾਣੀ ਪਾਇਆ ਜਾਂਦਾ ਹੈ, ਜਿਹੜਾ ਨਾ ਤਾਂ ਗਧਾ ਹੈ, ਨਾ ਘੋੜਾ ਹੈ, ਦੋਵਾਂ ਦੇ ਵਿਚਾਲੇ ਦਾ ਖੱਚਰ  ਵਰਗਾ ਹੈ। ਜੀ ਹਾਂ, ਭਾਰਤੀ ਕੁਸ਼ਤੀ ਸੰਘ ਨੇ ਵੀ ਕੁਝ ਇਸ ਤਰ੍ਹਾਂ (ਖੱਚਰ) ਵਰਗਾ ਫੈਸਲਾ ਕੁਸ਼ਤੀ ਦੇ ਨਿਯਮਾਂ ਨੂੰ ਲੈ ਕੇ ਕੀਤਾ ਹੈ।
ਪਟੇਲ ਨੇ ਆਪਣੀ ਪੋਸਟ 'ਚ ਕਿਹਾ ਕਿ ਭਾਰਤੀ ਕੁਸ਼ਤੀ ਸੰਘ ਨੇ ਫੈਸਲਾ ਲਿਆ ਕਿ ਮੱਧ ਪ੍ਰਦੇਸ਼ ਕੁਸ਼ਤੀ ਸੰਘ ਦੀ ਅਗਵਾਈ ਵਿਚ ਜਿਹੜੀ ਰਾਸ਼ਟਰੀ ਸੀਨੀਅਰ ਕੁਸ਼ਤੀ ਚੈਂਪੀਅਨਸ਼ਿਪ ਇੰਦੌਰ 'ਚ 15 ਤੋਂ 18 ਨਵੰਬਰ ਤਕ ਆਯੋਜਿਤ ਕੀਤੀ ਜਾਣੀ ਹੈ, ਉਸ ਵਿਚ (ਯੂਨਾਈਟਿਡ ਵਰਲਡ ਰੈਸਲਿੰਗ ਦੇ ਨਵੇਂ ਨਿਯਮਾਂ ਮੁਤਾਬਕ) ਸਿਰਫ 10 ਨਵੇਂ ਭਾਰ ਵਰਗਾਂ ਨੂੰ ਜੋੜਿਆ ਜਾਵੇਗਾ ਤੇ 7 ਪੂਰੇ ਨਵੇਂ ਨਿਯਮ ਲਾਗੂ ਨਹੀਂ ਹੋਣਗੇ। ਇਹ ਕੁਸ਼ਤੀ ਦੀ ਬਿਹਤਰੀ ਲਈ ਕਿੰਨਾ ਫਾਇਦੇਮੰਦ ਹੋਵੇਗਾ, ਇਹ ਤਾਂ ਦੇਸ਼ ਦੇ ਵੱਡੇ ਪਹਿਲਵਾਨ, ਜਿਵੇਂ ਸੁਸ਼ੀਲ ਕੁਮਾਰ, ਯੋਗੇਸ਼ਵਰ ਦੱਤ, ਸਾਕਸ਼ੀ ਮਲਿਕ ਹੀ ਦੱਸ ਸਕਦੇ ਹਨ।