NZ vs SA : ਰਚਿਨ ਰਵਿੰਦਰ ਦਾ ਦੋਹਰਾ ਸੈਂਕੜਾ, ਨਿਊਜ਼ੀਲੈਂਡ ਮਜ਼ਬੂਤ

02/05/2024 7:24:06 PM

ਮਾਊਂਟ ਮੋਨਗਾਨੂਈ (ਨਿਊਜ਼ੀਲੈਂਡ), (ਭਾਸ਼ਾ)– ਰਚਿਨ ਰਵਿੰਦਰ ਦੀ 240 ਦੌੜਾਂ ਦੀ ਪਾਰੀ ਨਾਲ ਨਿਊਜ਼ੀਲੈਂਡ ਨੇ ਦੋ ਮੈਚਾਂ ਦੀ ਲੜੀ ਦੇ ਸ਼ੁਰੂਆਤੀ ਟੈਸਟ ਦੇ ਦੂਜੇ ਦਿਨ ਸੋਮਵਾਰ ਨੂੰ ਆਪਣੀ ਪਹਿਲੀ ਪਾਰੀ ਵਿਚ 511 ਦੌੜਾਂ ਦਾ ਵੱਡਾ ਸਕੋਰ ਖੜ੍ਹਾ ਕੀਤਾ। ਦਿਨ ਦੀ ਖੇਡ ਖਤਮ ਤਕ ਦੱਖਣੀ ਅਫਰੀਕਾ ਨੇ 80 ਦੌੜਾਂ ਤਕ 4 ਵਿਕਟਾਂ ਗੁਆ ਦਿੱਤੀਆਂ, ਜਿਸ ਨਾਲ ਉਸਦੀਆਂ ਮੁਸ਼ਕਿਲਾਂ ਹੋਰ ਵੱਧ ਗਈਆਂ ਹਨ। ਟੀਮ ਪਹਿਲੀ ਪਾਰੀ ਵਿਚ ਅਜੇ ਵੀ 431 ਦੌੜਾਂ ਨਾਲ ਪਿਛੜ ਰਹੀ ਹੈ। ਕਾਇਲ ਜੈਮੀਸਨ ਨੇ 10ਓਵਰਾਂ ਵਿਚ 3 ਗੇਂਦਾਂ ਦੀ ਅੰਦਰ 2 ਵਿਕਟਾਂ ਲਈਆਂ, ਜਿਸ ਨਾਲ ਦੱਖਣੀ ਅਫਰੀਕਾ ਦਾ ਸਕੋਰ 3 ਵਿਕਟਾਂ ’ਤੇ 30 ਦੌੜਾਂ ਹੋ ਗਿਆ। ਡੇਵਿਡ ਬੇਡਿੰਘਮ ਤੇ ਜੁਬੇਰ ਹਮਜਾ ਨੇ ਚੌਥੀ ਵਿਕਟ ਲਈ 44 ਦੌੜਾਂ ਜੋੜੀਆਂ ਪਰ ਹਮਜਾ ਦਿਨ ਦੀ ਖੇਡ ਖਤਮ ਤੋਂ ਪਹਿਲਾਂ ਮਿਸ਼ੇਲ ਸੈਂਟਨਰ ਦੀ ਗੇਂਦ ’ਤੇ ਬੋਲਡ ਹੋ ਗਿਆ। ਸਟੰਪਸ ਦੇ ਸਮੇਂ ਬੇਡਿੰਘਮ 29 ਦੌੜਾਂ ਬਣਾ ਕੇ ਅਜੇਤੂ ਸੀ।

ਮੈਚ ਦਾ ਦੂਜਾ ਦਿਨ ਪੂਰੀ ਤਰ੍ਹਾਂ ਨਾਲ ਰਵਿੰਦਰ ਦੇ ਨਾਂ ਰਿਹਾ, ਜਿਸ ਨੂੰ ਅੱਲੜ ਉਮਰ ਤੋਂ ਹੀ ਨਿਊਜ਼ੀਲੈਂਡ ਕ੍ਰਿਕਟ ਦਾ ਅਗਲਾ ਵੱਡਾ ਖਿਡਾਰੀ ਮੰਨਿਆ ਜਾ ਰਿਹਾ ਹੈ। ਇਸ 24 ਸਾਲਾ ਬੱਲੇਬਾਜ਼ ਨੇ ਚੌਥੇ ਟੈਸਟ ਦੀ 7ਵੀਂ ਪਾਰੀ ਵਿਚ ਦੋਹਰਾ ਸੈਂਕੜਾ ਲਾ ਕੇ ਇਸ ਨੂੰ ਸਹੀ ਸਾਬਤ ਕੀਤਾ। ਨਿਊਜ਼ੀਲੈਂਡ ਨੇ ਪਹਿਲੇ ਦਿਨ ਦੋ ਵਿਕਟਾਂ ’ਤੇ 258 ਦੌੜਾਂ ਬਣਾਈਆਂ ਸਨ, ਜਿਨ੍ਹਾਂ ਵਿਚ 219 ਦੌੜਾਂ ਕੇਨ ਵਿਲੀਅਮਸਨ ਤੇ ਰਵਿੰਦਰ ਦੀ ਦੂਜੀ ਵਿਕਟ ਦੀ ਅਜੇਤੂ ਸਾਂਝੇਦਾਰੀ ਵਿਚ ਬਣੀਆਂ ਸਨ। ਸੋਮਵਾਰ ਨੂੰ ਹਾਲਾਂਕਿ ਇਹ ਸਾਂਝੇਦਾਰੀ ਜ਼ਿਆਦਾ ਅੱਗੇ ਨਹੀਂ ਵੱਧ ਸਕੀ ਤੇ ਵਿਲੀਅਮਸਨ 118 ਦੌੜਾਂ ਬਣਾ ਕੇ ਆਊਟ ਹੋਇਆ। 

ਰੂਆਨ ਡੀ ਸਵਾਰਡਟ ਨੇ ਨਿਊਜ਼ੀਲੈਂਡ ਦੀ ਸਾਬਕਾ ਕਪਤਾਨ ਨੂੰ ਆਊਟ ਕਰਕੇ 232 ਦੌੜਾਂ ਦੀ ਸਾਂਝੇਦਾਰੀ ਨੂੰ ਤੋੜਿਆ। ਰਵਿੰਦਰ ਨੇ ਇਕ ਪਾਸੇ ਤੋਂ ਸ਼ਾਨਦਾਰ ਬੱਲੇਬਾਜ਼ੀ ਜਾਰੀ ਰੱਖਦੇ ਹੋਏ 340 ਗੇਂਦਾਂ ਵਿਚ ਆਪਣਾ ਦੋਹਰਾ ਸੈਂਕੜਾ ਪੂਰਾ ਕੀਤਾ। ਉਹ ਮੈਥਿਊ ਸਿੰਕਲੇਯਰ ਤੋਂ ਬਾਅਦ ਦੋਹਰਾ ਸੈਂਕੜਾ ਲਾਉਣ ਵਾਲਾ ਨਿਊਜ਼ੀਲੈਂਡ ਦਾ ਦੂਜਾ ਸਭ ਤੋਂ ਨੌਜਵਾਨ ਬੱਲੇਬਾਜ਼ ਹੈ। ਉਹ ਆਪਣੇ ਪਹਿਲੇ ਟੈਸਟ ਸੈਂਕੜੇ ਨੂੰ ਦੋਹਰੇ ਸੈਂਕੜੇ ਵਿਚ ਬਦਲਣ ਵਾਲਾ ਨਿਊਜ਼ੀਲੈਂਡ ਦਾ ਤੀਜਾ ਬੱਲੇਬਾਜ਼ ਹੈ। ਉਸ ਤੋਂ ਪਹਿਲਾਂ ਸਿੰਕਲੇਅਰ ਤੇ ਮਾਰਟਿਨ ਡੋਨਲੀ ਨੇ ਇਹ ਕਾਰਨਾਮਾ ਕਕੀਤਾ। ਰਵਿੰਦਰ ਨੇ ਦੱਖਣੀ ਅਫਰੀਕਾ ਦੇ ਕਪਤਾਨ ਨੀਲ ਬ੍ਰਾਂਡ ਦੀ ਗੇਂਦ ’ਤੇ ਆਊਟ ਹੋਣ ਤੋਂ ਪਹਿਲਾਂ 366 ਗੇਂਦਾਂ ਦੀ ਪਾਰੀ ਵਿਚ 26 ਚੌਕੇ ਤੇ 3 ਛੱਕੇ ਲਾਏ। ਆਪਣਾ ਪਹਿਲਾ ਟੈਸਟ ਖੇਡ ਰਿਹਾ ਬ੍ਰਾਂਡ ਖੱਬੇ ਹੱਥ ਦੇ ਕੰਮ ਚਲਾਊ ਸਪਿਨਰ ਹੈ। ਉਸ ਨੇ 119 ਦੌੜਾਂ ਦੇ ਕੇ 6 ਵਿਕਟਾਂ ਲਈਆਂ। ਦੱਖਣੀ ਅਫਰੀਕਾ ਮੈਚ ਵਿਚ ਚਾਰ ਮੁੱਖ ਗੇਂਦਬਾਜ਼ਾਂ ਨਾਲ ਉਤਰਿਆ ਹੈ ਤੇ ਅਜਿਹੇ ਵਿਚ ਬ੍ਰਾਂਡ ਨੂੰ 26 ਓਵਰਾਂ ਦੀ ਗੇਂਦਬਾਜ਼ੀ ਕਰਨੀ ਪਈ। ਉਸ ਨੇ ਰਵਿੰਦਰ ਤੋਂ ਇਲਾਵਾ ਡੈਰਿਲ ਮਿਸ਼ੇਲ, ਗਲੇਨ ਫਿਲਿਪਸ, ਮਿਸ਼ੇਲ ਸੈਂਟਨਰ, ਮੈਟ ਹੈਨਰੀ ਤੇ ਟਿਮ ਸਾਊਥੀ ਦੀ ਵਿਕਟ ਲਈ।

Tarsem Singh

This news is Content Editor Tarsem Singh