NZ vs IND : ਭਾਰਤ ਨੇ 8 ਵਿਕਟਾਂ ਨਾਲ ਜਿੱਤਿਆ ਨੇਪੀਅਰ ਵਨ ਡੇ

01/23/2019 3:58:46 PM

ਨੇਪੀਅਰ— ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ 5 ਵਨ ਡੇ ਮੈਚਾਂ ਦੀ ਸੀਰੀਜ਼ ਦਾ ਪਹਿਲਾ ਮੁਕਾਬਲਾ ਨੇਪੀਅਰ 'ਚ ਖੇਡਿਆ ਗਿਆ। ਇਸ ਮੈਚ 'ਚ ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਪਹਿਲੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਨਿਊਜ਼ੀਲੈਂਡ ਦੀ ਟੀਮ 157 ਦੌੜਾਂ 'ਤੇ ਆਲਆਊਟ ਹੋ ਗਈ। ਮੇਜ਼ਬਾਨ ਟੀਮ 38 ਓਵਰਾਂ 'ਚ 157 ਦੌੜਾਂ 'ਤੇ ਢੇਰ ਹੋ ਗਈ। ਟੀਮ ਇੰਡੀਆ ਨੂੰ 158 ਦੌੜਾਂ ਦਾ ਟੀਚਾ ਮਿਲਿਆ। ਸ਼ਿਖਰ ਧਵਨ 75 ਦੌੜਾਂ ਅਤੇ ਅੰਬਾਤੀ ਰਾਇਡੂ 13 ਦੌੜਾਂ ਦੇ ਨਾਲ ਅਜੇਤੂ ਰਹੇ। ਭਾਰਤ ਨੂੰ ਪਹਿਲਾ ਝਟਕਾ ਉਦੋਂ ਲੱਗਾ ਜਦੋਂ ਰੋਹਿਤ ਸ਼ਰਮਾ 11 ਦੇ ਸਕੋਰ 'ਤੇ ਆਊਟ ਹੋ ਗਏ। ਰੋਹਿਤ ਡਗ ਬ੍ਰੇਸਵੇਲ ਦੀ ਗੇਂਦ 'ਤੇ ਮਾਰਟਿਨ ਗੁਪਟਿਲ ਨੂੰ ਕੈਚ ਦੇ ਬੈਠੇ ਤੇ ਪਵੇਲੀਅਨ ਪਰਤ ਗਏ। ਭਾਰਤ ਨੂੰ ਦੂਜਾ ਝਟਕਾ ਉਦੋਂ ਲੱਗਾ ਜਦੋਂ ਕਪਤਾਨ ਵਿਰਾਟ ਕੋਹਲੀ 45 ਦੌੜਾਂ ਦੇ ਨਿੱਜੀ ਸਕੋਰ 'ਤੇ ਆਊਟ ਹੋ ਗਏ। ਕੋਹਲੀ ਲੋਕੀ ਫਰਗਿਊਸਨ ਦੀ ਗੇਂਦ 'ਤੇ ਲਾਥਮ ਨੂੰ ਕੈਚ ਦੇ ਬੈਠੇ ਤੇ ਪਵੇਲੀਅਨ ਪਰਤ ਗਏ। ਮੈਚ ਦੇ ਦੌਰਾਨ ਸੂਰਜ ਦੀ ਤੇਜ਼ ਰੌਸ਼ਨੀ ਸਿੱਧੇ ਭਾਰਤ ਦੇ ਬੱਲੇਬਾਜ਼ਾਂ ਦੀਆਂ ਅੱਖਾਂ 'ਤੇ ਪੈ ਰਹੀ ਸੀ ਜਿਸ ਕਾਰਨ ਉਨ੍ਹਾਂ ਲਈ ਗੇਂਦ ਦੇਖ ਸਕਣਾ ਬਹੁਤ ਮੁਸ਼ਕਲ ਸੀ। ਇਸ ਕਾਰਨ ਮੈਚ ਰੋਕਣਾ ਪਿਆ ਸੀ। ਮੈਚ ਰੁਕਣ ਕਾਰਨ ਮੈਚ ਨੂੰ 50 ਓਵਰਾਂ ਦੀ ਬਜਾਏ 49 ਓਵਰਾਂ ਦਾ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਟੀਚਾ ਵੀ 158 ਦੀ ਬਜਾਏ 156 ਦੌੜਾਂ ਦਾ ਕਰ ਦਿੱਤਾ ਗਿਆ ।

ਮੈਚ 'ਚ ਪਹਿਲਾਂ ਬੱਲੇਬਾਜ਼ੀ ਕਰਨ ਆਈ ਨਿਊਜ਼ੀਲੈਂਡ ਦੀ ਟੀਮ ਦੀ ਸ਼ੁਰੂਆਤ ਬੇਹੱਦ ਖਰਾਬ ਰਹੀ। ਪਹਿਲੇ ਬੱਲੇਬਾਜ਼ੀ ਕਰਨ ਉਤਰੀ ਨਿਊਜ਼ੀਲੈਂਡ ਦੀ ਸ਼ੁਰੂਆਤ ਟੀਮ ਇੰਡੀਆ ਦੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੇ ਵਿਗਾੜੀ। ਉਨ੍ਹਾਂ ਨੇ ਪਾਰੀ ਦੇ ਦੂਜੇ ਓਵਰ ਮਾਰਟਿਨ ਗੁਪਟਿਲ (5 ਦੌੜਾਂ) ਨੂੰ ਕਲੀਨ ਬੋਲਡ ਕਰ ਦਿੱਤਾ। ਆਪਣੇ ਅਗਲੇ ਹੀ ਓਵਰ 'ਚ ਸ਼ਮੀ ਨੇ ਕੀਵੀ ਟੀਮ ਨੂੰ ਦੂਜਾ ਤਗੜਾ ਝਟਕਾ ਦਿੱਤਾ। ਉਨ੍ਹਾਂ ਨੇ ਕੋਲਿਨ ਮੁਨਰੋ (8 ਦੌੜਾਂ) ਨੂੰ ਕਲੀਨ ਬੋਲਡ ਕੀਤਾ। ਦੋ ਵਿਕਟਾਂ ਛੇਤੀ ਡਿੱਗਣ ਦੇ ਬਾਅਦ ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ ਅਤੇ ਅਨੁਭਵੀ ਰਾਸ ਟੇਲਰ (24) ਨੇ ਟੀਮ ਸੰਭਾਲਣ ਦੀ ਕੋਸ਼ਿਸ ਕੀਤੀ। ਦੋਹਾਂ ਨੇ ਤੀਜੇ ਵਿਕਟ ਲਈ 34 ਦੌੜਾਂ ਦੀ ਸਾਂਝੇਦਾਰੀ ਕੀਤੀ। ਇਹ ਜੋੜੀ ਖਤਰਨਾਕ ਰੂਪ ਲੈਂਦੀ, ਇਸ ਤੋਂ ਪਹਿਲਾਂ ਹੀ ਚਾਹਲ ਨੇ ਆਪਣੀ ਗੇਂਦ 'ਤੇ ਕੈਚ ਲੈ ਕੇ ਟੇਲਰ ਨੂੰ ਪਵੇਲੀਅਨ ਭੇਜ ਦਿੱਤਾ। ਨਿਊਜ਼ੀਲੈਂਡ ਲਈ ਇਹ ਵੱਡਾ ਝਟਕਾ ਰਿਹਾ ਕਿਉਂਕਿ ਟੇਲਰ ਸ਼ਾਨਦਾਰ ਫਾਰਮ 'ਚ ਹਨ। 

ਵਿਲੀਅਮਸਨ ਦਾ ਸਾਥ ਨਿਭਾਉਣ ਲਈ ਟਾਮ ਲੈਥਮ (11 ਦੌੜਾਂ) ਆਏ। ਦੋਹਾਂ ਨੇ ਸਕੋਰ ਬੋਰਡ 'ਚ 24 ਦੌੜਾਂ ਦਾ ਵਾਧਾ ਕੀਤਾ ਹੀ ਸੀ ਕਿ ਚਾਹਲ ਨੇ ਫਿਰ ਨਿਊਜ਼ੀਲੈਂਡ ਨੂੰ ਬੈਕਫੁਟ 'ਤੇ ਭੇਜ ਦਿੱਤਾ। ਲੈੱਗ ਸਪਿਨਰ ਨੇ ਆਪਣੀ ਹੀ ਗੇਂਦ 'ਤੇ ਖੱਬੇ ਪਾਸੇ ਡਾਈਵ ਲਾ ਕੇ ਲੈਥਮ ਦਾ ਸ਼ਾਨਦਾਰ ਕੈਚ ਫੜਿਆ। ਨਿਊਜ਼ੀਲੈਂਡ ਦਾ ਹੈਨਰੀ ਨਿਕੋਲਸ ਵੀ ਕੁਝ ਖਾਸ ਨਾ ਕਰ ਸਕਿਆ ਅਤੇ 12 ਦੌੜਾਂ ਦੇ ਨਿੱਜੀ ਸਕੋਰ 'ਤੇ ਕੇਦਾਰ ਜਾਧਵ ਦੀ ਗੇਂਦ 'ਤੇ ਕੁਲਦੀਪ ਨੂੰ ਕੈਚ ਦੇ ਬੈਠਾ ਤੇ ਪਵੇਲੀਅਨ ਪਰਤ ਗਿਆ। ਨਿਊਜ਼ੀਲੈਂਡ ਨੂੰ ਛੇਵਾਂ ਝਟਕਾ ਉਦੋਂ ਲੱਗਾ ਜਦੋਂ ਮਿਸ਼ੇਲ ਸੈਂਟਨਰ 14 ਦੌੜਾਂ ਦੇ ਨਿੱਜੀ ਸਕੋਰ 'ਤੇ ਮੁਹੰਮਦ ਸ਼ਮੀ ਵੱਲੋਂ ਐੱਲ.ਬੀ.ਡਬਲਿਊ. ਆਊਟ ਹੋ ਗਏ। ਕੇਨ ਵਿਲੀਅਮਸਨ 64 ਦੌੜਾਂ ਦੇ ਨਿੱਜੀ ਸਕੋਰ ਆਊਟ ਹੋਏ। ਉਹ ਕੁਲਦੀਪ ਯਾਦਵ ਦੀ ਗੇਂਦ ਵਿਜੇ ਸ਼ੰਕਰ ਨੂੰ ਕੈਚ ਦੇ ਬੈਠੇ ਅਤੇ ਪਵੇਲੀਅਨ ਪਰਤ ਗਏ। ਇਸ ਤੋਂ ਬਾਅਦ ਡਗ ਬ੍ਰੇਸਵੇਲ 7 ਦੌੜਾਂ ਦੇ ਨਿੱਜੀ ਸਕੋਰ 'ਤੇ ਕੁਲਦੀਪ ਯਾਦਵ ਦੀ ਗੇਂਦ 'ਤੇ ਐੱਲ.ਬੀ.ਡਬਲਿਊ. ਆਊਟ ਹੋ ਗਏ। ਮੈਚ ਦੌਰਾਨ ਭਾਰਤ ਵੱਲੋਂ ਮੁਹੰਮਦ ਸ਼ਮੀ ਨੇ 3, ਯੁਜਵੇਂਦਰ ਚਾਹਲ ਨੇ 2, ਕੇਦਾਰ ਜਾਧਵ 1 ਅਤੇ ਕੁਲਦੀਪ ਯਾਦਵ ਨੇ 4 ਵਿਕਟਾਂ ਲਈਆਂ।

ਦੋਵੇਂ ਟੀਮਾਂ ਇਸ ਤਰ੍ਹਾਂ ਹਨ :-

ਟੀਮ ਇੰਡੀਆ - ਰੋਹਿਤ ਸ਼ਰਮਾ, ਸ਼ਿਖਰ ਧਵਨ, ਵਿਰਾਟ ਕੋਹਲੀ (ਕਪਤਾਨ), ਐੱਮ.ਐੱਸ. ਧੋਨੀ (ਵਿਕਟਕੀਪਰ), ਕੇਦਾਰ ਜਾਧਵ, ਅੰਬਾਤੀ ਰਾਇਡੂ, ਵਿਜੇ ਸ਼ੰਕਰ, ਕੁਲਦੀਪ ਯਾਦਵ, ਯੁਜਵੇਂਦਰ ਚਾਹਲ, ਭੁਵਨੇਸ਼ਵਰ ਕੁਮਾਰ ਅਤੇ ਮੁਹੰਮਦ ਸ਼ਮੀ।

ਨਿਊਜ਼ੀਲੈਂਡ - ਮਾਰਟਿਨ ਗੁਪਟਿਲ, ਕਾਲਿਨ ਮੁਨਰੋ, ਕੇਨ ਵਿਲੀਅਮਸਨ, ਰਾਸ ਟੇਲਰ, ਹੈਨਰੀ ਨਿਕੋਲਸ, ਟਾਮ ਲੈਥਮ, ਮਿਸ਼ੇਲ ਸੈਂਟਰਨ, ਡਗ ਬ੍ਰੇਸਵੇਲ, ਟਿਮ ਸਾਊਥੀ, ਲੋਕੀ ਫਰਗਿਊਸਨ ਅਤੇ ਟ੍ਰੇਂਟ ਬੋਲਟ।

Tarsem Singh

This news is Content Editor Tarsem Singh